ਨਵੀਂ ਦਿੱਲੀ- ਮਿਆਂਮਾਰ ਵਿਚ ਆਏ ਅਤੇ ਥਾਈਲੈਂਡ, ਚੀਨ, ਵੀਅਤਨਾਮ ਸਣੇ ਉੱਤਰ-ਪੂਰਬੀ ਭਾਰਤ ਤੱਕ ਵਿਚ ਮਹਿਸੂਸ ਕੀਤੇ ਗਏ 7.7 ਦੀ ਸ਼ਿੱਦਤ ਵਾਲੇ ਭੂਚਾਲ ਤੋਂ ਬਾਅਦ, ਬੈਂਕਾਕ ਵਿੱਚ ਗਏ ਹੋਏ ਭਾਰਤੀ ਸੈਲਾਨੀ ਸ਼ਨਿੱਚਵਾਰ ਨੂੰ ਨਵੀਂ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਅਤ ਵਾਪਸ ਪਰਤ ਆਏ ਅਤੇ ਘਰ ਵਾਪਸ ਜਾਣ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਨੇ ਭੂਚਾਲ ਦੇ ਹੌਲਨਾਕ ਮੰਜ਼ਰਾਂ ਅਤੇ ਇਸ ਦੌਰਾਨ ਖ਼ੁਦ ਨੂੰ ਪੇਸ਼ ਆਈਆਂ ਮੁਸ਼ਕਲਾਂ ਦਾ ਜ਼ਿਕਰ ਕੀਤਾ।
ਭਾਰਤੀ ਖੁਰਾਣਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਸਾਰੀਆਂ ਵਪਾਰਕ ਥਾਵਾਂ ਤੇ ਅਦਾਰਿਆਂ ਨੂੰ ਐਮਰਜੈਂਸੀ ਕਾਰਨ ਬੰਦ ਕਰ ਦਿੱਤੇ ਜਾਣ ਕਾਰਨ, ਉਨ੍ਹਾਂ ਨੂੰ ਹਵਾਈ ਅੱਡੇ ਤੱਕ ਜਾਣ ਲਈ ਟੈਕਸੀਆਂ ਤੱਕ ਨਹੀਂ ਮਿਲ ਰਹੀਆਂ ਸਨ। ਉਨ੍ਹਾਂ ਕਿਹਾ, “ਹਾਲਾਤ ਹੁਣ ਠੀਕ ਹਨ, ਪਰ ਕੱਲ੍ਹ ਬਹੁਤ ਖਰਾਬ ਸੀ, ਅਸੀਂ ਬਾਜ਼ਾਰ ਵਿੱਚ ਵੀ ਗਏ ਸੀ ਪਰ ਐਮਰਜੈਂਸੀ ਕਾਰਨ ਬਾਜ਼ਾਰ ਵੀ ਬੰਦ ਸਨ। ਸਾਨੂੰ ਉੱਥੇ ਬਹੁਤ ਮੁਸ਼ਕਲ ਆਈ, ਫਿਰ ਸਾਨੂੰ ਕੋਈ ਟੈਕਸੀ ਨਹੀਂ ਮਿਲ ਰਹੀ ਸੀ। ਐਮਰਜੈਂਸੀ ਵਾਹਨ ਵੀ ਨਹੀਂ ਮਿਲੇ।”
ਬੈਂਕਾਕ ਗਏ ਇੱਕ ਹੋਰ ਭਾਰਤੀ ਸੈਲਾਨੀ ਪ੍ਰਣਵ ਨੇ ਦੱਸਿਆ ਕਿ ਜਦੋਂ ਉਹ ਹੋਟਲ ਵਿੱਚ ਸਨ ਤਾਂ ਸਾਰੇ ਭੱਜਣ ਲੱਗ ਪਏ। ਉਸ ਨੇ ਕਿਹਾ, “ਜਦੋਂ ਅਸੀਂ ਇਮਾਰਤ ਦੇ ਅੰਦਰ ਸੀ, ਤਾਂ ਪੂਰੀ ਇਮਾਰਤ ਹਿੱਲ ਗਈ, ਫਿਰ ਸਾਰੇ ਭੱਜ ਗਏ। ਹਰ ਕੋਈ ਘੱਟੋ-ਘੱਟ ਦੋ ਘੰਟੇ ਇਸ ਸਥਿਤੀ ਵਿੱਚ ਬੈਠਾ ਰਿਹਾ। ਅਸੀਂ 24ਵੀਂ ਮੰਜ਼ਿਲ ‘ਤੇ ਪ੍ਰਿੰਸ ਪੇਸ ਹੋਟਲ ਵਿੱਚ ਸੀ ਅਤੇ ਇਮਾਰਤ ਬੁਰੀ ਤਰ੍ਹਾਂ ਹਿੱਲ ਗਈ।”
ਇੱਕ ਹੋਰ ਅੰਤਰਰਾਸ਼ਟਰੀ ਸੈਲਾਨੀ, ਜੋ ਉਸ ਸਮੇਂ ਬੈਂਕਾਕ ਦੇ ਚਾਈਨਾਟਾਊਨ ਵਿੱਚ ਸੀ, ਨੇ ਏਐਨਆਈ ਨੂੰ ਦੱਸਿਆ ਕਿ ਦੂਜੇ ਭੂਚਾਲ ਦੇ ਝਟਕੇ ਤੋਂ ਹਰ ਕੋਈ ਕਿਵੇਂ ਘਬਰਾ ਰਿਹਾ ਸੀ। ਸੈਲਾਨੀ ਜੌਨ ਨੇ ਕਿਹਾ, “ਮੈਂ ਅਸਲ ਵਿੱਚ ਚਾਈਨਾਟਾਊਨ ਵਿੱਚ ਸੀ, ਜੋ ਖਰੀਦਦਾਰੀ ਕਰਨ ਲਈ ਇੱਕ ਹੋਰ ਜਗ੍ਹਾ ਹੈ। ਅਚਾਨਕ, ਫਰਸ਼ ਹਿੱਲਣ ਲੱਗ ਪਿਆ, ਇਸ ਲਈ ਮੈਂ ਹੇਠਾਂ ਦੇਖ ਰਿਹਾ ਸੀ। ਫਿਰ ਹਰ ਕੋਈ ਚੀਕਣ ਲੱਗ ਪਿਆ, ਘਬਰਾ ਗਿਆ, ਅਤੇ ਹਰ ਕੋਈ ਇਨ੍ਹਾਂ ਛੋਟੇ ਤੰਗ ਰਸਤਿਆਂ ਵਿੱਚ ਬਾਜ਼ਾਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ।’’
ਆਪਣੇ ਆਲੇ ਦੁਆਲੇ ਇਮਾਰਤਾਂ ਦੇ ਢਹਿਣ ਨੂੰ ਯਾਦ ਕਰਦਿਆਂ ਉਸਨੇ ਕਿਹਾ, “ਅਸੀਂ ਸਾਰੇ ਕਾਫ਼ੀ ਡਰੇ ਹੋਏ ਸੀ, ਭੱਜ ਰਹੇ ਸੀ, ਚੀਕ ਰਹੇ ਸੀ, ਇਮਾਰਤ ਤੋਂ ਬਾਹਰ ਨਿਕਲਣ ਲਈ ਦੌੜ ਰਹੇ ਸਾਂ। ਚਾਈਨਾਟਾਊਨ ਦੇ ਉਸ ਬਾਜ਼ਾਰ ਵਿੱਚ ਕੁਝ ਨਹੀਂ ਹੋਇਆ। ਪਰ ਜਿਵੇਂ ਕਿ ਅਸੀਂ ਇੱਥੇ ਚਤੁਚਕ ਵਿੱਚ ਦੇਖ ਸਕਦੇ ਹਾਂ, ਇਹ ਇੱਕ ਵੱਖਰੀ ਕਹਾਣੀ ਸੀ… ਮੈਨੂੰ ਬਹੁਤ ਯਕੀਨ ਨਹੀਂ ਹੈ ਕਿ ਉਹ ਕਿਹੜੀ ਇਮਾਰਤ ਸੀ। ਇਹ ਜ਼ੇਰੇ-ਤਾਮਰੀ ਇਮਾਰਤ ਸੀ ਅਤੇ ਮੇਰਾ ਅੰਦਾਜ਼ਾ ਹੈ, 30 ਮੰਜ਼ਿਲਾ ਉੱਚੀ ਸੀ। ਅਸੀਂ ਢਹਿਣ ਦੀਆਂ ਤਸਵੀਰਾਂ ਦੇਖੀਆਂ, ਇਸ ਲਈ ਮੈਨੂੰ ਯਕੀਨ ਹੈ ਕਿ ਮਲਬੇ ਹੇਠ ਬਹੁਤ ਸਾਰੇ ਲੋਕ ਹਨ।”