ਇਸਲਾਮਾਬਾਦ: ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਅਦਾਲਤ ਨੇ ਵੀਡੀਓ ਲਿੰਕ ਜ਼ਰੀਏ ਸੋਮਵਾਰ ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਖ਼ਿਲਾਫ਼ ਦੋਸ਼ ਤੈਅ ਕੀਤੇ। ਜ਼ਰਦਾਰੀ ‘ਤੇ ਕੰਪਨੀਆਂ ਨੂੰ ਕਰਜ਼ੇ ਦੇਣ ਲਈ ਅਧਿਕਾਰੀਆਂ ‘ਤੇ ਦਬਾਅ ਪਾਉਣ ਦਾ ਇਲਜ਼ਾਮ ਹੈ। ਜ਼ਰਦਾਰੀ “ਬਿਮਾਰੀ” ਦੇ ਕਾਰਨਾਂ ਕਰਕੇ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੇ, ਇਸ ਲਈ ਦੋਸ਼ ਵੀਡੀਓ ਲਿੰਕ ਰਾਹੀਂ ਲਾਏ ਗਏ।
ਦੱਸ ਦਈਏ ਕਿ ਦੇਸ਼ ਦੇ ਨਿਆਇਕ ਇਤਿਹਾਸ ਵਿਚ ਇਹ ਪਹਿਲਾ ਅਜਿਹਾ ਕੇਸ ਹੈ। ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦਾ 63 ਸਾਲਾ ਪਤੀ ਕਰਾਚੀ ਦੇ ਬਿਲਾਵਲ ਹਾਊਸ ਤੋਂ ਵੀਡੀਓ ਲਿੰਕ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ।
ਇਸਲਾਮਾਬਾਦ ਦੀ ਜਵਾਬਦੇਹੀ ਅਦਾਲਤ ਨੇ ਜੱਜ ਮੁਹੰਮਦ ਆਜ਼ਮ ਖ਼ਾਨ ਨੇ ਜ਼ਰਦਾਰੀ ਤੇ ਪਾਰਕ ਲੇਨ ਮਾਮਲੇ ਵਿੱਚ 9 ਹੋਰ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ। ਸੁਣਵਾਈ ਦੌਰਾਨ ਜ਼ਰਦਾਰੀ ਨੇ ਕਿਹਾ ਕਿ ਉਸ ਦੇ ਵਕੀਲ ਸੁਪਰੀਮ ਕੋਰਟ ਵਿੱਚ ਹਨ ਤੇ ਉਸ ਦੇ ਵਕੀਲਾਂ ਦੀ ਗੈਰ ਹਾਜ਼ਰੀ ਵਿੱਚ ਉਸ ਖ਼ਿਲਾਫ਼ ਦੋਸ਼ ਤੈਅ ਨਹੀਂ ਕੀਤੇ ਜਾ ਸਕਦੇ ਪਰ ਅਦਾਲਤ ਨੇ ਉਸ ਦੀ ਅਪੀਲ ਖਾਰਜ ਕਰ ਦਿੱਤੀ। ਇਸ ਦੇ ਨਾਲ ਹੀ ਕੇਸ ਦੀ ਸੁਣਵਾਈ ਸ਼ੁਰੂ ਹੋਣ ਦਾ ਰਸਤਾ ਸਾਫ਼ ਹੋ ਗਿਆ।
ਭ੍ਰਿਸ਼ਟਾਚਾਰ ਦੇ ਇਸ ਕੇਸ ‘ਚ ਹੋਰ ਪ੍ਰਮੁੱਖ ਦੋਸ਼ੀਆਂ ਵਿਚ ਓਮਨੀ ਸਮੂਹ ਦੇ ਮੁਖੀ ਅਨਵਰ ਮਜੀਦ, ਸ਼ੇਰ ਅਲੀ, ਫਾਰੂਕ ਅਬਦੁੱਲਾ, ਸਲੀਮ ਫੈਸਲ ਤੇ ਮੁਹੰਮਦ ਹਨੀਫ਼ ਸ਼ਾਮਲ ਹਨ।