Punjabis coming India: ਕੋਰੋਨਾ ਵਾਇਰਸ ਦੇ ਚੱਲਦੇ ਭਾਰਤ ਸਰਕਾਰ ਵਲੋਂ ਏਸ਼ੀਆਈ ਹਵਾਈ ਜਹਾਜ਼ਾਂ ਦੇ ਦੇਸ਼ ਵਿਚ ਦਾਖਲ ਹੋਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਪਾਬੰਦੀ ਦੇ ਕਾਰਨ ਆਸਟ੍ਰੇਲੀਆ ਅਤੇ ਹੋਰ ਥਾਵਾਂ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਭਾਰਤ ਆਉਣ ਵਾਲੇ ਪੰਜਾਬੀ ਮਲੇਸ਼ੀਆ ਦੇ ਏਅਰਪੋਰਟ ਕੁਆਲਾਲੰਪੁਰ ਵਿਚ ਫਸੇ ਹੋਏ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਨੂੰ ਭਾਰਤ ਸੁਰੱਖਿਅਤ ਲਿਆਉਣ ਲਈ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਜਦੋਂ ਇਹ ਮਾਮਲਾ ਭਾਰਤ ਸਰਕਾਰ ਦੇ ਧਿਆਨ ਵਿਚ ਆਇਆ ਤਾਂ ਸਰਕਾਰ ਦੇ ਕੇਂਦਰੀ ਮੰਤਰਾਲਾ ਵਲੋਂ ਫਸੇ ਭਾਰਤੀਆਂ ਨੂੰ ਸੁਰੱਖਿਅਤ ਇੰਡੀਆ ਲਿਆਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆਂ ’ਚ ਚਿੰਤਾ ਭਰੇ ਮਾਹੌਲ ’ਚ ਰਹਿ ਰਹੀ ਹੈ। ਇਸੇ ਅਹਤਿਯਾਤ ਦੇ ਚੱਲਦੇ ਕੇਂਦਰ ਸਰਕਾਰ ਨੇ ਵਿਦੇਸ਼ੀ ਹਵਾਈ ਜਹਾਜ਼ਾਂ ਦੀ ਭਾਰਤ ਵਿਚ ਲੈਂਡਿੰਗ ’ਤੇ ਰੋਕ ਲਗਾ ਦਿੱਤੀ ਹੈ, ਜਿਸ ਦੇ ਚੱਲਦੇ ਆਸਟ੍ਰੇਲੀਆ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਕਈ ਭਾਰਤੀ ਕੁਝ ਦੇਰ ਦੀ ਸਟੇਅ ਦੇ ਚੱਲਦੇ ਮਲੇਸ਼ੀਆ ਦੇ ਏਅਰਪੋਰਟ ਕੁਆਲਾਲੰਪੁਰ ’ਤੇ ਪਹੁੰਚ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਭਾਰਤ ਵਿਚ ਆਉਣ ਵਾਲੇ ਹਵਾਈ ਜਹਾਜ਼ਾਂ ’ਤੇ ਰੋਕ ਲੱਗੀ ਹੋਣ ਕਾਰਨ 532 ਦੇ ਕਰੀਬ ਭਾਰਤੀ ਉਥੇ ਫਸੇ ਹੋਏ ਹਨ। ਦੱਸਣਯੋਗ ਹੈ ਕਿ ਉਥੇ ਬੈਠੇ ਭਾਰਤੀ ਯਾਤਰੀ ਅਤੇ ਉਨ੍ਹਾਂ ਦੇ ਘਰ ਪੰਜਾਬ ਵਿਚ ਬੈਠੇ ਪਰਿਵਾਰ ਵਾਲੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਭਾਰਤ ਲਿਆਉਣ ਲਈ ਕੇਂਦਰ ਸਰਕਾਰ ਨੂੰ ਗੁਹਾਰ ਲਗਾ ਰਹੇ ਹਨ। ਇਨ੍ਹਾਂ ਯਾਤਰੀਆਂ ਵਿਚ ਫਿਰੋਜ਼ਪੁਰ ਦੇ ਪਿੰਡ ਭੜਾਣਾ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਵੀ ਫੱਸੇ ਹੋਏ ਹਨ, ਜਿਨ੍ਹਾਂ ਨੇ ਵੀਡੀਓ ਕਾਲ ਕਰਕੇ ਦੱਸਿਆ ਕਿ ਅਸੀਂ ਲੋਕ ਕੱਲ ਤੋਂ ਮਲੇਸ਼ੀਆ ਵਿਚ ਫਸੇ ਹੋਏ ਹਾਂ ਅਤੇ ਸਾਨੂੰ ਇਸ ਦੌਰਾਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਲਜਿੰਦਰ ਸਿੰਘ ਨੇ ਕਿਹਾ ਕਿ ਏਅਰਪੋਰਟ ’ਤੇ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ, ਜਿਸ ਕਾਰਨ ਉਨ੍ਹਾਂ ਨੂੰ ਭੁੱਖੇ ਪੇਟ ਸੌਣਾ ਪੈ ਰਿਹਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਭਾਰਤ ਵਿਚ ਲਿਆਂਦਾ ਜਾਵੇ।