ਵਾਸ਼ਿੰਗਟਨ ਡੀਸੀ-ਐਲਨ ਮਸਕ ਨੇ ‘ਐਕਸ’ ਪੋਸਟ ਵਿੱਚ ਕਿਹਾ ਹੈ, ‘‘ਰਾਸ਼ਟਰਪਤੀ ਨੇ ਸਪੇਸਐਕਸ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ(ਆਈਐੱਸਐੱਸ) ’ਤੇ ਫਸੇ ਦੋ ਪੁਲਾੜ ਯਾਤਰੀਆਂ ਨੂੰ ਜਿੰਨੀ ਜਲਦੀ ਸੰਭਵ ਹੋਵੇ ਘਰ ਲੈ ਕੇ ਆਉਣ ਲਈ ਕਿਹਾ ਹੈ। ਅਸੀਂ ਇਹ ਕੰਮ ਕਰਾਂਗੇ। ਇਹ ਭਿਆਨਕ ਹੈ ਕਿ ਬਾਇਡਨ ਪ੍ਰਸ਼ਾਸਨ ਨੇ ਐਨੇ ਲੰਬੇ ਸਮੇਂ ਤੱਕ ਉਨ੍ਹਾਂ ਨੂੰ ਉੱਥੇ ਛੱਡ ਰੱਖਿਆ।’’
ਇਸ ਪੋਸਟ ਦੇ ਜਵਾਬ ਵਿੱਚ ਰਾਸ਼ਟਰਪਤੀ ਟਰੰਪ ਨੇ ਦੋ ਪੁਲਾੜ ਯਾਤਰੀਆਂ ਬੈਰੀ ‘ਬੁਚ’ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਦੀ ਸ਼ਮੂਲੀਅਤ ਵਾਲੇ ਹਾਲਾਤ ਨਾਲ ਨਜਿੱਠਣ ਦੇ ਢੰਗ ਸਬੰਧੀ ਬਾਇਡਨ ਪ੍ਰਸ਼ਾਸਨ ਪ੍ਰਤੀ ਨਿਰਾਸ਼ਾ ਜ਼ਾਹਿਰ ਕੀਤੀ। ਇਹ ਦੋਵੇਂ ਪੁਲਾੜ ਯਾਤਰੀ 5 ਜੂਨ 2024 ਤੋਂ ਆਈਐੱਸਐੱਸ ’ਤੇ ਫਸੇ ਹੋਏ ਹਨ। ਸੀਬੀਐੱਸ ਨਿਊਜ਼ ਦੀ ਖ਼ਬਰ ਮੁਤਾਬਕ ਇਹ ਪੁਲਾੜ ਯਾਤਰੀ ਪੁਲਾੜ ਵਾਹਨ ਬੋਇੰਗ ਸਟਾਰਲਾਈਨਰ ਵਿੱਚ ਕੋਈ ਦਿੱਕਤ ਆਉਣ ਕਾਰਨ ਆਈਐੱਸਐੱਸ ’ਤੇ ਫਸੇ ਹੋਏ ਹਨ ਅਤੇ ਉਨ੍ਹਾਂ ਦੀ ਧਰਤੀ ’ਤੇ ਵਾਪਸੀ ਵਿੱਚ ਦੇਰ ਹੋ ਗਈ ਹੈ।
237 ਦਿਨਾਂ ਬਾਅਦ ਤੁਰਨਾ ਭੁੱਲੀ ਸੁਨੀਤਾ ਵਿਲੀਅਮਜ਼:ਪੁਲਾੜ ਵਿੱਚ 237 ਦਿਨਾਂ ਤੋਂ ਫਸੀ ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਕਿਹਾ ਕਿ ਉਹ ਇਹ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਤੁਰਨਾ ਕਿਵੇਂ ਹੈ। ਡਬਲਿਊਬੀਜ਼ੈੱਡ- ਟੀਵੀ ਦੀ ਖ਼ਬਰ ਮੁਤਾਬਕ 27 ਜਨਵਰੀ ਨੂੰ ਪੁਲਾੜ ਸਟੇਸ਼ਨ ਤੋਂ ਅਮਰੀਕਾ ਦੇ ਨੀਦਮ ਹਾਈ ਸਕੂਲ ਦੇ ਵਿਦਿਆਰਥੀਆਂ ਨਾਲ ਆਨਲਾਈਨ ਗੱਲਬਾਤ ਕਰਦਿਆਂ 59 ਸਾਲਾ ਸੁਨੀਤਾ ਵਿਲੀਅਮਜ਼ ਨੇ ਕਿਹਾ, ‘‘ਮੈਂ ਇੱਥੇ ਲੰਬੇ ਸਮੇਂ ਤੋਂ ਹਾਂ। ਹੁਣ ਮੈਂ ਇਹ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਕਿਵੇਂ ਤੁਰੀ ਦਾ ਮੈਂ ਲੰਬੇ ਸਮੇਂ ਤੋਂ ਨਾ ਚੱਲੀ ਹਾਂ, ਨਾ ਬੈਠੀ ਹਾਂ ਅਤੇ ਨਾ ਹੀ ਲੰਬੀ ਪਈ ਹਾਂ। ਤੁਸੀਂ ਸਿਰਫ਼ ਅੱਖਾਂ ਬੰਦ ਕਰ ਸਕਦੇ ਹੋ ਅਤੇ ਪੁਲਾੜ ਸਟੇਸ਼ਨ ਵਿੱਚ ਹਵਾ ’ਚ ਤੈਰਦੇ ਰਹਿੰਦੇ ਹੋ।’’