ਦਾਹੋਦ-ਗੁਜਰਾਤ ਦੇ ਦਾਹੋਦ ਜ਼ਿਲ੍ਹੇ ਵਿਚ ਪ੍ਰਯਾਗਰਾਜ ਦੇ ਮਹਾਂਕੁੰਭ ਤੋਂ ਸ਼ਰਧਾਲੂਆਂ ਨੂੰ ਵਾਪਸ ਲੈ ਆ ਰਹੀ ਸੈਲਾਨੀ ਵੈਨ ਦੇ ਹਾਈਵੇਅ ’ਤੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਛੇ ਜ਼ਖਮੀ ਹੋ ਗਏ। ਇਹ ਹਾਦਸਾ ਇੰਦੌਰ-ਅਹਿਮਦਾਬਾਦ ਹਾਈਵੇਅ ’ਤੇ ਲਿਮਖੇੜਾ ਨੇੜੇ ਵੱਡੇ ਤੜਕੇ 2.15 ਵਜੇ ਦੇ ਕਰੀਬ ਵਾਪਰਿਆ।
ਅਧਿਕਾਰੀ ਨੇ ਕਿਹਾ ਕਿ 10 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਸੈਲਾਨੀ ਵੈਨ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਮ੍ਰਿਤਕਾਂ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ, ਭਰੂਚ ਜ਼ਿਲ੍ਹੇ ਦੇ ਅੰਕਲੇਸ਼ਵਰ ਅਤੇ ਅਹਿਮਦਾਬਾਦ ਜ਼ਿਲ੍ਹੇ ਦੇ ਢੋਲਕਾ ਦੇ ਰਹਿਣ ਵਾਲੇ ਸਨ।
ਪੁਲੀਸ ਅਨੁਸਾਰ, ਮ੍ਰਿਤਕਾਂ ਦੀ ਪਛਾਣ ਦੇਵਰਾਜ ਨਕੁਮ (49) ਅਤੇ ਉਸ ਦੀ ਪਤਨੀ ਜਸੂਬਾ (47) ਦੋਵੇਂ ਅੰਕਲੇਸ਼ਵਰ ਤੋਂ ਹਨ, ਅਤੇ ਢੋਲਕਾ ਨਿਵਾਸੀ ਸਿਧਰਾਜ ਡਾਬੀ (32) ਅਤੇ ਰਮੇਸ਼ ਗੋਸਵਾਮੀ (47) ਵਜੋਂ ਹੋਈ ਹੈ।