ਅਹਿਮਦਾਬਾਦ, 19 ਜਨਵਰੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਂ ਗਠਜੋੜ ਨੂੰ ਲੈ ਕੇ ਵਿਰੋਧੀ ਧਿਰਾਂ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਗੁਜਰਾਤ ਦੇ ਸਿਲਵਾਸਾ ‘ਚ ਇੱਕ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਹ ਮਹਾਂ ਗਠਜੋੜ ਸਿਰਫ਼ ‘ਮੋਦੀ’ ਵਿਰੁੱਧ ਨਹੀਂ, ਇਹ ਦੇਸ਼ ਦੀ ਜਨਤਾ ਦੇ ਵਿਰੁੱਧ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਕਾਂਗਰਸ ‘ਤੇ ਵੀ ਨਿਸ਼ਾਨਾ ਸਾਧਿਆ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਨਾਂ ਦੀ ਥਾਂ ਕੰਮ ‘ਤੇ ਧਿਆਨ ਦਿੱਤਾ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਾਡੀ ਨੀਅਤ ਦੇਸ਼ ਦੇ ਵਿਕਾਸ ਦੀ ਹੈ, ਇੱਕ ਪਰਿਵਾਰ ਦੇ ਵਿਕਾਸ ਦੀ ਨਹੀਂ। ਮੋਦੀ ਨੇ ਕਿਹਾ ਕਿ ‘ਸਬਕਾ ਸਾਥ-ਸਬਕਾ ਵਿਕਾਸ’ ਦੇ ਮੰਤਰ ਨਾਲ ਚੱਲ ਰਹੀ ਕੇਂਦਰ ਸਰਕਾਰ ਵਿਕਾਸ ਦੀ ਪੰਚ ਧਾਰਾ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ, ਨੌਜਵਾਨਾਂ ਨੂੰ ਕਮਾਈ, ਬਜ਼ੁਰਗਾਂ ਨੂੰ ਦਵਾਈ ਅਤੇ ਕਿਸਾਨਾਂ ਨੂੰ ਸਿੰਚਾਈ ਆਦਿ ਉਨ੍ਹਾਂ ਨੂੰ ਲਈ ਕਾਫ਼ੀ ਮਹੱਤਵਪੂਰਨ ਹੈ।