ਪ੍ਰਯਾਗਰਾਜ-ਮਹਾਕੁੰਭ ਵਿੱਚ ਸ਼ਰਧਾਲੂਆਂ ਲਈ ਤਿਆਰ ਕੀਤੇ ਗਏ ਭੰਡਾਰੇ ਦੇ ਖਾਣੇ ਵਿੱਚ ਰਾਖ ਮਿਲਾਉਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਦੇ ਬਾਅਦ ਇਕ ਪੁਲੀਸ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਵਾਇਰਲ ਵੀਡੀਓ ਵਿੱਚ ਸੋਰਾਂਵ ਥਾਣੇ ਦੇ SHO ਬ੍ਰਿਜੇਸ਼ ਕੁਮਾਰ ਤਿਵਾਰੀ ਨੂੰ ਭੰਡਾਰੇ ਦੇ ਖਾਣੇ ਵਿੱਚ ਰਾਖ ਮਿਲਾਉਂਦੇ ਹੋਏ ਦੇਖਿਆ ਗਿਆ। ਇਸ ਵੀਡੀਓ ਦੇ ਸਾਹਮਣੇ ਆਣੇ ਦੇ ਬਾਅਦ DCP (ਗੰਗਾਨਗਰ) ਕੁਲਦੀਪ ਸਿੰਘ ਗੁਨਾਵਤ ਨੇ ਸੋਰਾਂਵ SHO ਨੂੰ ਸਸਪੈਂਡ ਕਰ ਦਿੱਤਾ।
ਡੀ.ਸੀ.ਪੀ.ਗੰਗਾਨਗਰ ਦੇ ਅਧਿਕਾਰਤ ਐਕਸ ਅਕਾਉਂਟ ਤੋਂ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਗਈ। ਪੋਸਟ ਵਿੱਚ ਲਿਖਿਆ ਗਿਆ, “ਮਾਮਲੇ ਨੂੰ ਧਿਆਨ ਵਿਚ ਲੈਂਦਿਆਂ ਏਸੀਪੀ ਸੋਰਾਂਵ ਦੀ ਰਿਪੋਰਟ ਦੇ ਆਧਾਰ ‘ਤੇ SHO ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਵਿਭਾਗੀ ਜਾਂਚ ਜਾਰੀ ਹੈ।”
ਅਖਿਲੇਸ਼ ਯਾਦਵ ਨੇ ਦਿੱਤੀ ਸਖਤ ਪ੍ਰਤੀਕ੍ਰਿਆ-ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਵੀ ਇਸ ਘਟਨਾ ’ਤੇ ਪ੍ਰਤੀਕ੍ਰਿਆ ਦਿੰਦਿਆਂ ਵੀਡੀਓ ਸਾਂਝਾ ਕੀਤਾ। ਉਨ੍ਹਾਂ ਲਿਖਿਆ, “ਜੋ ਲੋਕ ਮਹਾਕੁੰਭ ਵਿੱਚ ਸ਼ਰਧਾਲੂਆਂ ਨੂੰ ਭੋਜਨ ਅਤੇ ਪਾਣੀ ਦੀ ਸੁਵਿਧਾ ਦੇ ਰਹੇ ਹਨ, ਉਨਾਂ ਦੇ ਕਾਰਜ ਨੂੰ ਰਾਜਨੀਤਿਕ ਦੁਸ਼ਮਣੀ ਦੇ ਕਾਰਨ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਜਨਤਾ ਨੂੰ ਇਸ ’ਤੇ ਧਿਆਨ ਦੇਣਾ ਚਾਹੀਦਾ ਹੈ।”
ਸ਼ਰਧਾਲ ਵੀ ਜ਼ਾਹਿਰ ਕਰ ਹੇ ਗੁੱਸਾ-ਮਹਾਕੁੰਭ ਵਿੱਚ ਕਰੋੜਾਂ ਸ਼ਰਧਾਲੂ ਤ੍ਰਿਵੇਣੀ ਸੰਗਮ ਵਿੱਚ ਇਸ਼ਨਾਨ ਕਰਨ ਲਈ ਪਹੁੰਚੇ ਹਨ, ਜਿੱਥੇ ਵੱਖ-ਵੱਖ ਸੰਸਥਾਵਾਂ ਅਤੇ ਸਮੂਹਾਂ ਵੱਲੋਂ ਮੁਫ਼ਤ ਅਤੇ ਸਸਤੇ ਰੇਟਾਂ ’ਤੇ ਖਾਣਾ ਉਪਲਬਧ ਕਰਵਾਉਣ ਲਈ ਕਈ ਭੰਡਾਰੇ ਲਾਏ ਗਏ ਹਨ। ਇਸ ਦੌਰਾਨ ਖਾਣੇ ਵਿੱਚ ਰਾਖ ਮਿਲਾਉਣ ਦੀ ਘਟਨਾ ਨਾਲ ਸ਼ਰਧਾਲੂਆਂ ਵਿੱਚ ਗੁੱਸਾ ਫੈਲ ਗਿਆ ਹੈ। ਇਸ ਘਟਨਾ ਦਾ ਵੀਡੀਓ ਸਾਹਮਣੇ ਆਉਣ ਦੇ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਸਖਤ ਪ੍ਰਤੀਕ੍ਰਿਆ ਦਿੱਤੀ ਅਤੇ ਮੁਲਜ਼ਮ ਅਧਿਕਾਰੀ ’ਤੇ ਸਖਤ ਕਾਰਵਾਈ ਦੀ ਮੰਗ ਕੀਤੀ।