ਪਿਟਸਬਰਗ ਦੇ ਪੂਰਬ ਵਿਚ ਸਥਿਤ ਇਕ ਪਹਾੜੀ ਦੀ ਚੋਟੀ ਉੱਤੇ ਸ੍ਰੀ ਵੈਂਕਟੇਸ਼ਵਰਾ ਮੰਦਰ ਵਿਚ ਪ੍ਰਾਰਥਨਾ ਸਭਾ ਵਿਚ ਸਾੜੀ-ਧੋਤੀ ਪਹਿਨੇ ਹਜ਼ਾਰਾਂ ਸ਼ਰਧਾਲੂ ਸ਼ਾਮਲ ਹੋਏ। ਸਮਾਗਮ ਦੇ ਆਖ਼ਰੀ ਪਲਾਂ ਵਿਚ, ਪੁਜਾਰੀ ਨੇ ਸੰਗਤਾਂ ‘ਤੇ ਗੋਪੁਰਮ ਦਾ ਪਵਿੱਤਰ ਜਲ ਛਿੜਕਿਆ ਅਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਇਸ ਦੌਰਾਨ ਹੈਲੀਕਾਪਟਰ ਤੋਂ ਮੰਦਰ ਅਤੇ ਉਥੇ ਪਹੁੰਚੇ ਸ਼ਰਧਾਲੂਆਂ ‘ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਐਤਵਾਰ ਨੂੰ ਰੱਖੀ ਗਈ ਵਿਸ਼ੇਸ਼ ਪੂਜਾ ਅਤੇ ਅਰਦਾਸ 20 ਪੁਜਾਰੀਆਂ ਨੇ ਮੰਦਰ ਵਿਚ ਪੀਲੇ-ਕੇਸਰ ਕੱਪੜੇ ਪਾ ਕੇ ਪੂਰੀ ਕੀਤੀ।

ਹਰ ਐਤਵਾਰ ਅਮਰੀਕਾ ਦੇ ਵੱਖ ਵੱਖ ਹਿੱਸਿਆਂ ਤੋਂ ਲੋਕ ਇਸ ਮੰਦਰ ਵਿਚ ਇਕੱਠੇ ਹੁੰਦੇ ਹਨ ਅਤੇ ਪ੍ਰਾਰਥਨਾ ਕਰਦੇ ਹਨ। ਉਂਝ ਬਾਕੀ ਦਿਨਾਂ ਵਿਚ ਵੀ ਪੂਜਾ ਜਾਰੀ ਰਹਿੰਦੀ ਹੈ। ਅਮਰੀਕਾ ਵਿਚ ਬਣਿਆ ਇਹ ਮੰਦਰ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਜ਼ਿਲ੍ਹੇ ਵਿਚ ਸਥਿਤ ਸ੍ਰੀ ਵੈਂਕਟੇਸ਼ਵਰਾ ਮੰਦਰ ਦਾ ਹੀ ਇਕ ਰੂਪ ਹੈ। ਭਗਵਾਨ ਵੈਂਕਟੇਸ਼ਵਰਾ ਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਜਾਂਦਾ ਹੈ।

ਇਹ ਭਾਰਤ ਵਿਚ ਸਥਿਤ ਮੰਦਰ ਦੀ ਤੁਲਨਾ ਵਿਚ ਛੋਟਾ ਹੈ, ਪਰ ਇਸ ਮੰਦਰ ਦੀ ਅਮਰੀਕਾ ਵਿਚ ਬਹੁਤ ਮਾਨਤਾ ਹੈ। ਇਸ ਕਰਕੇ, ਇਹ ਅਮਰੀਕਾ ਦੇ ਮੁੱਖ ਮੰਦਰਾਂ ਵਿੱਚੋਂ ਇਕ ਹੈ। ਮੰਦਰ ਦੀ ਸਥਾਪਨਾ ਨਾਲ ਜੁੜੇ ਕਲਾਥਰ ਰਘੂ ਦਾ ਕਹਿਣਾ ਹੈ ਕਿ ਨਵੰਬਰ 1976 ਵਿਚ ਬਣੇ ਇਸ ਮੰਦਰ ਬਾਰੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਕ ਦਿਨ ਇਹ ਬਹੁਤ ਸਾਰੇ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਬਣ ਜਾਵੇਗਾ। ਭਾਰਤ ਦੀ ਧਾਰਮਿਕ ਭਾਵਨਾ ਅਮਰੀਕਾ ਵਿਚ ਇੰਝ ਦਿਖਾਈ ਦੇਵੇਗੀ।