Maharashtra govt formation: ਮਹਾਰਾਸ਼ਟਰ ਵਿੱਚ ਸਰਕਾਰ ਬਣਨ ਦਾ ਰਸਤਾ ਸਾਫ਼ ਹੋ ਚੁੱਕਾ ਹੈ। ਸੂਤਰਾਂ ਮੁਤਾਬਕ ਵਿਚਾਰ–ਵਟਾਂਦਰੇ ਤੋਂ ਬਾਅਦ ਸ਼ਿਵ ਸੈਨਾ, ਕਾਂਗਰਸ ਤੇ ਐੱਨਸੀਪੀ ਵਿਚਾਲੇ ਸਰਕਾਰ ਬਣਾਉਣ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਇਸ ਸਮਝੌਤੇ ਅਧੀਨ ਸ਼ਿਵ ਸੈਨਾ ਨੂੰ ਪੂਰੇ ਪੰਜ ਸਾਲਾਂ ਭਾਵ ਪੂਰੇ ਕਾਰਜਕਾਲ ਲਈ ਮੁੱਖ ਮੰਤਰੀ ਦਾ ਅਹੁਦਾ ਮਿਲੇਗਾ। ਇਸ ਦੌਰਾਨ ਕਾਂਗਰਸ ਤੇ ਐੱਨਸੀਪੀ ਦੇ ਖਾਤੇ ਉੱਪ–ਮੁੱਖ ਮੰਤਰੀ ਦਾ ਇੱਕ–ਇੱਕ ਅਹੁਦਾ ਆਵੇਗਾ।
ਜ਼ਿਕਰਯੋਗ ਹੈ ਕਿ ਸਰਕਾਰ ਬਣਾਉਣ ਨੂੰ ਲੈ ਕੇ ਮਹਾਰਾਸ਼ਟਰ ’ਚ ਸ਼ਿਵ ਸੈਨਾ, ਕਾਂਗਰਸ ਤੇ ਐੱਨਸੀਪੀ ਵਿਚਾਲੇ ਲਗਾਤਾਰ ਗੱਲਬਾਤ ਚੱਲ ਰਹੀ ਹੈ। ਤਿੰਨੇ ਪਾਰਟੀਆਂ ਵਿਚਾਲੇ ਘੱਟੋ–ਘੱਟ ਸਾਂਝੇ ਪ੍ਰੋਗਰਾਮ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਇਸ ਸਮਝੌਤੇ ਅਧੀਨ ਸ਼ਿਵ ਸੈਨਾ ਦਾ ਕਾਰਜਕਾਲ ਪੰਜ ਸਾਲਾਂ ਲਈ ਹੋਏਗਾ ਜਦ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੂੰ 14 ਅਤੇ ਕਾਂਗਰਸ ਨੂੰ ਮੰਤਰੀਆਂ ਦੇ 12 ਅਹੁਦੇ ਮਿਲਣਗੇ।
ਦੱਸ ਦੇਈਏ ਕਿ ਇਸ ਸਮਝੌਤੇ ’ਚ ਹਿੰਦੂਤਵ ਦਾ ਮੁੱਦਾ ਸ਼ਾਮਲ ਨਹੀਂ ਕੀਤਾ ਗਿਆ ਹੈ। ਘੱਟੋ–ਘੱਟ ਸਾਂਝੇ ਪ੍ਰੋਗਰਾਮ ਉੱਤੇ ਕਿਸਾਨਾਂ ਤੇ ਨੌਜਵਾਨਾਂ ਨਾਲ ਜੁੜੇ ਮਾਮਲਿਆਂ ਉੱਤੇ ਧਿਆਨ ਕੇਂਦ੍ਰਿਤ ਕਰਨ ਲਈ ਸਹਿਮਤੀ ਬਣੀ ਹੈ। ਸੂਤਰਾਂ ਮੁਤਾਬਕ ਇਸ ਹਫ਼ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਐੱਨਸੀਪੀ ਆਗੂ ਸ਼ਰਦ ਪਵਾਰ ਵਿਚਾਲੇ ਮੁਲਾਕਾਤ ਹੋ ਸਕਦੀ ਹੈ। ਇਸ ਸਮਝੌਤੇ ਵਿੱਚ ਸ਼ਿਵ ਸੈਨਾ ਨੇ ਵਿਧਾਇਕ ਦਾਮੋਦਰ ਸਾਵਰਕਰ ਨੂੰ ਭਾਰਤ ਰਤਨ ਦਿੱਤੇ ਜਾਣ ਦੀ ਮੰਗ ਕੀਤੀ ਹੈ। ਗੌਰਤਲਬ ਹੈ ਕਿ ਭਾਰਤੀ ਜਨਤਾ ਪਾਰਟੀ ਸਿਰਫ਼ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਬਣਾਉਣ ‘ਤੇ ਰਹੀ ਪਰ ਸ਼ਿਵ ਸੈਨਾ ਨੇ ਉਸ ਤੋਂ ਬਾਅਦ ਦੇ ਢਾਈ ਸਾਲਾਂ ਲਈ ਆਪਣਾ ਮੁੱਖ ਮੰਤਰੀ ਬਣਾਉਣ ਦੀ ਗੱਲ ਆਖੀ ਸੀ ਪਰ ਭਾਜਪਾ ਨੇ ਇਹ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ। ਇੰਝ ਭਾਜਪਾ ਤੇ ਸ਼ਿਵ ਸੈਨਾ ਵਿਚਾਲੇ ਪੁਰਾਣਾ ਗੱਠਜੋੜ ਟੁੱਟ ਗਿਆ