ਤਜਰਬੇਕਾਰ ਗੋਲਕੀਪਰ ਸਵਿਤਾ ਮਸਕਟ ਵਿਚ ਹੋਣ ਵਾਲੇ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿਚ ਭਾਰਤ ਦੀ 18 ਮੈਂਬਰੀ ਟੀਮ ਦੀ ਅਗਵਾਈ ਕਰੇਗੀ। ਹਾਕੀ ਇੰਡੀਆ ਨੇ ਬੁੱਧਵਾਰ ਨੂੰ ਟੀਮ ਦਾ ਐਲਾਨ ਕੀਤਾ ਜਿਸ ਵਿਚ ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਵਾਲੀਆਂ 16 ਖਿਡਾਰਨਾਂ ਸ਼ਾਮਲ ਹਨ। ਰੈਗੂਲਰ ਕਪਤਾਨ ਰਾਣੀ ਰਾਮਪਾਲ ਬੈਂਗਲੁਰੂ ਵਿਚ ਸੱਟ ਦਾ ਇਲਾਜ ਕਰਵਾ ਰਹੀ ਹੈ ਤੇ ਇਸ ਲਈ 21 ਤੋਂ 28 ਜਨਵਰੀ ਵਿਚਾਲੇ ਹੋਣ ਵਾਲੇ ਟੂਰਨਾਮੈਂਟ ਲਈ ਸਵਿਤਾ ਨੂੰ ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤ ਨੂੰ ਜਾਪਾਨ, ਮਲੇਸ਼ੀਆ ਤੇ ਸਿੰਗਾਪੁਰ ਦੇ ਨਾਲ ਪੂਲ-ਏ ਵਿਚ ਰੱਖਿਆ ਗਿਆ ਹੈ। ਭਾਰਤੀ ਟੀਮ ਆਪਣੇ ਖ਼ਿਤਾਬ ਦੇ ਬਚਾਅ ਦੀ ਮੁਹਿੰਮ ਦੀ ਸ਼ੁਰੂਆਤ ਟੂਰਨਾਮੈਂਟ ਦੇ ਪਹਿਲੇ ਦਿਨ ਮਲੇਸ਼ੀਆ ਖ਼ਿਲਾਫ਼ ਕਰੇਗੀ। ਇਸ ਤੋਂ ਬਾਅਦ ਉਸ ਦਾ ਮੁਕਾਬਲਾ ਜਾਪਾਨ (23 ਜਨਵਰੀ) ਤੇ ਸਿੰਗਾਪੁਰ (24 ਜਨਵਰੀ) ਨਾਲ ਹੋਵੇਗਾ। ਸੈਮੀਫਾਈਨਲ 26 ਜਨਵਰੀ ਨੂੰ ਤੇ ਫਾਈਨਲ 28 ਜਨਵਰੀ ਨੂੰ ਖੇਡਿਆ ਜਾਵੇਗਾ।
ਚੈਂਪੀਅਨਸ਼ਿਪ ਵਿਚ ਸਿਖਰਲੇ ਚਾਰ ‘ਚ ਰਹਿਣ ਵਾਲੀਆਂ ਟੀਮਾਂ ਸਪੇਨ ਤੇ ਨੀਦਰਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ 2022 ਲਈ ਕੁਆਲੀਫਾਈ ਕਰਨਗੀਆਂ। ਤਜਰਬੇਕਾਰ ਦੀਪ ਗ੍ਰੇਸ ਏੱਕਾ ਨੂੰ ਉੱਪ-ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤੀ ਟੀਮ ਦੀ ਮੁੱਖ ਕੋਚ ਯਾਨੇਕ ਸ਼ੋਪਮੈਨ ਨੇ ਕਿਹਾ ਹੈ ਕਿ ਇਹ ਸਾਡੇ ਲਈ ਬਹੁਤ ਮਹੱਤਵਪੂਰਨ ਟੂਰਨਾਮੈਂਟ ਹੈ ਤੇ ਅਸੀਂ ਜੋ ਟੀਮ ਚੁਣੀ ਹੈ ਉਸ ਤੋਂ ਮੈਂ ਖ਼ੁਸ਼ ਹਾਂ। ਇਹ ਤਜਰਬੇਕਾਰ ਖਿਡਾਰੀਆਂ ਦੇ ਨਾਲ ਯੋਗ ਨੌਜਵਾਨ ਖਿਡਾਰਨਾਂ ਦਾ ਮੇਲ ਹੈ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਕਾਫੀ ਸੰਭਾਵਨਾਵਾਂ ਦਿਖਾਈਆਂ ਹਨ। ਭਾਰਤ ਨੇ ਪਿਛਲੀ ਵਾਰ 2017 ਵਿਚ ਚੀਨ ਨੂੰ ਪੈਨਲਟੀ ਸ਼ੂਟਆਊਟ ਵਿਚ 5-4 ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ।
ਟੀਮ ‘ਚ ਸ਼ਾਮਲ ਖਿਡਾਰਨਾਂ
ਗੋਲਕੀਪਰ : ਸਵਿਤਾ (ਕਪਤਾਨ), ਰਜਨੀ ਏਤਿਮਾਰਪੂ। ਡਿਫੈਂਡਰ : ਦੀਪ ਗ੍ਰੇਸ ਏੱਕਾ (ਉੱਪ-ਕਪਤਾਨ), ਗੁਰਜੀਤ ਕੌਰ, ਨਿੱਕੀ ਪ੍ਰਧਾਨ, ਉਦਿਤਾ। ਮੱਧ ਕਤਾਰ : ਨਿਸ਼ਾ, ਸੁਸ਼ੀਲਾ ਚਾਨੂ, ਮੋਨਿਕਾ, ਨੇਹਾ, ਸਲੀਮਾ ਟੇਟੇ, ਜੋਤੀ, ਨਵਜੋਤ ਕੌਰ। ਫਾਰਵਰਡ : ਨਵਨੀਤ ਕੌਰ, ਲਾਲਰੇਮਸਿਆਮੀ, ਵੰਦਨਾ ਕਟਾਰੀਆ, ਮਾਰਿਆਨਾ ਕੁਜੂਰ, ਸ਼ਰਮਿਲਾ ਦੇਵੀ।