ਨਵੀਂ ਦਿੱਲੀ- ਯੂਟਿਊਬਰ ਆਸ਼ੀਸ਼ ਚੰਚਲਾਨੀ ਮੰਗਲਵਾਰ ਨੂੰ ਕਾਮੇਡੀਅਨ ਸਮਯ ਰੈਨਾ ਦੇ ਸ਼ੋਅ India’s Got Latent ’ਤੇ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਦੇ ਸੰਬੰਧ ਵਿੱਚ ਪੁੱਛਗਿੱਛ ਲਈ ਕੌਮੀ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਇਆ। ਕਮਿਸ਼ਨ ਨੇ ਰਣਵੀਰ ਅਲਾਹਾਬਾਦੀਆ, ਅਪੂਰਵਾ ਮਖੀਜਾ, ਸਮਯ ਰੈਨਾ, ਜਸਪ੍ਰੀਤ ਸਿੰਘ ਅਤੇ ਚੰਚਲਾਨੀ ਵੱਲੋਂ ਸ਼ੋਅ ’ਤੇ ਕੀਤੀਆਂ ਗਈਆਂ ਅਸ਼ਲੀਲ ਅਤੇ ਅਪਮਾਨਜਨਕ ਟਿੱਪਣੀਆਂ ਦਾ ਗੰਭੀਰ ਨੋਟਿਸ ਲਿਆ ਸੀ ਅਤੇ ਉਨ੍ਹਾਂ ਦੇ ਨਾਲ-ਨਾਲ ਤੁਸ਼ਾਰ ਪੁਜਾਰੀ ਅਤੇ ਸੌਰਭ ਬੋਥਰਾ ਨੂੰ ਵੀ ਤਲਬ ਕੀਤਾ ਸੀ। ਚੰਚਲਾਨੀ ਨੂੰ 17 ਫਰਵਰੀ ਨੂੰ ਸੰਮਨ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਸਮਾ ਮੁੜ ਨਿਰਧਾਰਤ ਕਰਨ ਦੀ ਮੰਗ ਕੀਤੀ ਸੀ।