ਅਮਰੀਕਾ ਦੀ ਦਿੱਗਜ ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਤੇ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਸ਼ਖਸ ਬਿੱਲ ਗੇਟਸ ਬਾਰੇ ਇਕ ਸਨਸਨੀਖੇਜ਼ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾਂਦਾ ਹੈ ਕਿ ਕੰਪਨੀ ਦੀ ਇਕ ਮਹਿਲਾ ਮੁਲਾਜ਼ਮ ਨਾਲ ਉਨ੍ਹਾਂ ਦੇ ਸੰਨ 2000 ਤੋਂ ਸਬੰਧ ਸਨ। ਇਸ ਕਾਰਨ 2020 ’ਚ ਕੰਪਨੀ ਬੋਰਡ ਦੇ ਮੈਂਬਰਾਂ ਦੇ ਦਬਾਅ ’ਚ ਉਨ੍ਹਾਂ ਨੇ ਮਾਈਕ੍ਰੋਸਾਫਟ ਨਾਲੋਂ ਰਿਸ਼ਤਾ ਤੋੜ ਲਿਆ ਸੀ। ਜ਼ਿਕਰਯੋਗ ਹੈ ਕਿ ਬਿੱਲ ਗੇਟਸ ਨੇ ਇਸੇ ਮਹੀਨੇ ਦੀ ਸ਼ੁਰੂਆਤ ’ਚ ਆਪਣੀ ਪਤਨੀ ਨੂੰ ਤਲਾਕ ਦੇਣ ਦਾ ਐਲਾਨ ਕੀਤਾ ਹੈ।ਦਿ ਵਾਲ ਸਟਰੀਟ ਜਰਨਲ ’ਚ ਸੂਤਰਾਂ ਦੇ ਹਵਾਲੇ ਨਾਲ ਐਤਵਾਰ ਨੂੰ ਛਪੀ ਇਕ ਰਿਪੋਰਟ ਮੁਤਾਬਕ ਕੰਪਨੀ ਦੀ ਇਕ ਮਹਿਲਾ ਇੰਜੀਨੀਅਰ ਨੇ ਆਪਣੇ ਪ੍ਰਮੁੱਖ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਗੇਟਸ ਨਾਲ ਕਈ ਸਾਲਾਂ ਤੋਂ ਚੱਲ ਰਹੇ ਜਿਨਸੀ ਸਬੰਧਾਂ ਦੀ ਜਾਣਕਾਰੀ ਦਿੱਤੀ ਸੀ। ਇਸ ’ਤੇ ਕੰਪਨੀ ਦੇ ਬੋਰਡ ਮੈਂਬਰਾਂ ਨੇ 2019 ’ਚ ਇਕ ਲਾਅ ਫਰਮ ਤੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਾਈ। ਜਾਂਚ ’ਚ ਦਮ ਪਾਏ ਜਾਣ ’ਤੇ ਬੋਰਡ ਨੇ ਤੈਅ ਕੀਤਾ ਕਿ ਇਸ ਸਥਿਤੀ ’ਚ ਬਿੱਲ ਗੇਟਸ ਦਾ ਬੋਰਡ ਦੀ ਬੈਠਕਾਂ ’ਚ ਹਿੱਸਾ ਲੈਣ ਸਹੀ ਨਹੀਂ ਹੈ। ਇਸ ’ਤੇ ਬਿੱਲ ਗੇਟਸ ਨੇ ਕੰਪਨੀ ਤੋਂ ਅਸਤੀਫ਼ਾ ਦੇ ਦਿੱਤਾ।ਹਾਲਾਂਕਿ ਉਦੋਂ ਤਕ ਜਾਂਚ ਪੂਰੀ ਨਹੀਂ ਹੋ ਸਕੀ ਸੀ। ਇਸ ਮਾਮਲੇ ’ਚ ਗੇਟਸ ਵੱਲੋਂ ਇਕ ਮਹਿਲਾ ਤਰਜਮਾਨ ਨੇ ਕਿਹਾ ਕਿ ਇਹ ਸਬੰਧ 20 ਸਾਲ ਪਹਿਲਾਂ ਬਣੇ ਸਨ ਤੇ ਆਪਸੀ ਸਹਿਮਤੀ ਤੋਂ ਬਾਅਦ ਖਤਮ ਵੀ ਹੋ ਗਏ। ਬਿੱਲ ਗੇਟਸ ਨੇ ਪਿਛਲੇ ਸਾਲ ਕੰਪਨੀ ਛੱਡੀ ਸੀ ਤਾਂ ਉਨ੍ਹਾਂ ਨੇ ਲੋਕ-ਹਿਤੈਸ਼ੀ ਕੰਮਾਂ ’ਤੇ ਧਿਆਨ ਦੇਣ ਦੀ ਗੱਲ ਕਹੀ ਸੀ।