Air Asia flight emergency landing: ਕੋਲਕਾਤਾ ਹਵਾਈ ਅੱਡੇ ‘ਤੇ ਏਅਰ ਏਸ਼ੀਆ ਦੇ ਇੱਕ ਜਹਾਜ਼ ਨੂੰ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ, ਜਿਸ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ । ਦਰਅਸਲ, ਇਹ ਧਮਕੀ ਕਿਸੇ ਹੋਰ ਨੇ ਨਹੀਂ ਬਲਕਿ ਇੱਕ ਮਹਿਲਾ ਯਾਤਰੀ ਵੱਲੋਂ ਦਿੱਤੀ ਗਈ ਸੀ । ਇਹ ਮਾਮਲਾ ਸ਼ਨੀਵਾਰ ਦਾ ਦੱਸਿਆ ਜਾ ਰਿਹਾ ਹੈ ।
ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਨੇ ਸ਼ਨੀਵਾਰ ਰਾਤ ਨੂੰ ਕੋਲਕਾਤਾ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਤੋਂ 114 ਮੁਸਾਫਰਾਂ ਨੂੰ ਲੈ ਕੇ ਉਡਾਣ ਭਰੀ ਸੀ । ਇਸ ਸਬੰਧੀ ਏਅਰਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਉਡਾਨ ਭਰਨ ਦੇ ਕੁੱਝ ਮਿੰਟ ਬਾਅਦ ਹੀ ਇੱਕ ਮਹਿਲਾ ਨੇ ਕੈਬਿਨ ਕਰੂ ਦੀ ਇੱਕ ਮੈਂਬਰ ਨੂੰ ਪਰਚੀ ਦਿੱਤੀ ਅਤੇ ਉਸ ਨੂੰ ਕਿਹਾ ਕਿ ਉਹ ਇਸ ਨੂੰ ਪਾਇਲਟ ਨੂੰ ਦੇ ਦੇਵੇ ।
ਅਧਿਕਾਰੀਆਂ ਨੇ ਦੱਸਿਆ ਕਿ ਨੋਟ ਜਦੋਂ ਉਨ੍ਹਾਂ ਨੇ ਉਹ ਉਹ ਪੜ੍ਹਿਆ ਤਾਂ ਉਹ ਹੈਰਾਨ ਰਹਿ ਗਏ. ਉਸ ਮਹਿਲਾ ਨੇ ਨੋਟ ਵਿੱਚ ਲਿਖਿਆ ਸੀ ਕਿ ਉਸ ਦੇ ਸਰੀਰ ਵਿੱਚ ਬੰਬ ਬੱਝੇ ਹੋਏ ਹਨ ਅਤੇ ਉਹ ਕਿਸੇ ਵੀ ਸਮੇਂ ਧਮਾਕਾ ਕਰ ਸਕਦੀ ਹੈ । ਜਿਸ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ।
ਦੱਸ ਦੇਈਏ ਕਿ ਇਹ ਘਟਨਾ ਏਅਰ ਏਸ਼ੀਆ ਦੀ ਫਲਾਈਟ ਨੰਬਰ 15316 ਦੀ ਹੈ । ਜਿਸ ਵਿੱਚ ਸਵਾਰ ਮੋਹਿਨੀ ਮੰਡਲ ਨਾਮ ਦੀ ਮਹਿਲਾ ਵੱਲੋਂ ਇਹ ਨੋਟ ਦਿੱਤਾ ਗਿਆ ਸੀ । ਫਿਲਹਾਲ ਉਸ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਜਹਾਜ਼ ਦੀ ਕੋਲਕਾਤਾ ਹਵਾਈ ਅੱਡੇ ‘ਤੇ ਲੈਂਡਿੰਗ ਤੋਂ ਬਾਅਦ ਇਸ ਨੂੰ ਆਈਸੋਲੇਸ਼ਨ ਬੇ ਵਿੱਚ ਲਿਜਾਇਆ ਗਿਆ । ਜਿਸ ਤੋਂ ਬਾਅਦ ਅਧਿਕਾਰੀਆਂ ਨੇ ਪੂਰੀ ਤਸੱਲੀ ਕਰ ਕੇ ਜਹਾਜ਼ ਨੂੰ ਉਡਾਣ ਦੀ ਮਨਜ਼ੂਰੀ ਦਿੱਤੀ ।