ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਮਾਂ ਕਾਲੀ ਦੇ ਆਸ਼ੀਰਵਾਦ ਨਾਲ ਪੰਜਾਬ ਨਸ਼ਿਆਂ ਦੇ ਦਾਨਵ ਨੂੰ ਹਰਾਂਵੇਗਾ: ਸਿਸੋਦੀਆ March 31, 202531 ਪਟਿਆਲਾ- ਨਵਰਾਤਰੀ ਦੇ ਪਹਿਲੇ ਦਿਨ ਅੱਜ ਇੱਥੇ ਕਾਲੀ ਮਾਤਾ ਮੰਦਰ ਵਿਖੇ ਨਤਮਸਤਕ ਹੋਏ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਆਸ਼ੀਰਵਾਦ ਮੰਗਿਆ ਤੇ ਪੰਜਾਬ ਦੀ ਖੁਸ਼ਹਾਲੀ ਅਤੇ ਨਸ਼ਿਆਂ ਵਿਰੁੱਧ ਲੜਾਈ ਵਿਚ ਬਲ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਤਿਉਹਾਰ ਨਹੀਂ ਹੈ, ਨਵਰਾਤਰੀ ਇੱਕ ਅਧਿਆਤਮਿਕ ਯਾਤਰਾ ਹੈ। ਇਹ ਨੌਂ ਦਿਨ ਉਹ ਹਨ ਜਦੋਂ ਅਸੀਂ ਆਪਣੇ ਅੰਦਰ ਮੌਜੂਦ ਬ੍ਰਹਮ ਊਰਜਾਵਾਂ ਨਾਲ ਡੂੰਘੇ ਤੌਰ ’ਤੇ ਜੁੜਦੇ ਹਾਂ ਅਤੇ ਚੁਣੌਤੀਆਂ ਨੂੰ ਪਾਰ ਕਰਨ ਦੀ ਤਾਕਤ ਪਾਉਂਦੇ ਹਾਂ। ਉਨ੍ਹਾਂ ਕਿਹਾ ਮਾਤਾ ਕਾਲੀ ਦਾ ਆਸ਼ੀਰਵਾਦ ਸਾਨੂੰ ਨਸ਼ੇ ਦੀ ਲਤ ਵਰਗੀਆਂ ਅਜੋਕੇ ਭੂਤਾਂ ਨਾਲ ਲੜਨ ਦੀ ਤਾਕਤ ਦਿੰਦਾ ਹੈ। ਇਸੇ ਦੌਰਾਨ ਪੰਜਾਬ ਦਾ ਇੰਚਾਰਜ ਬਣ ਕੇ ਪਹਿਲੀ ਵਾਰ ਪਟਿਆਲਾ ਆਉਣ ’ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਕੋਹਲੀ, ਮੇਅਰ ਕੁੰਦਨ ਗੋਗੀਆ ਤੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਸਮੇਤ ਕਈ ਹੋਰ ਆਗੂਆਂ ਨੇ ਵੀ ਭਰਵਾਂ ਸਵਾਗਤ ਕੀਤਾ। ਪੱਤਰਕਾਰਾਂ ਨਾਲ ਗੱੱਲਬਾਤ ਦੌਰਾਨ ਨੌਜਵਾਨਾਂ ਨੂੰ ਗੈਂਗਸਟਰਾਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਸਿਸੋਦੀਆ ਨੇ ਚੇਤਾਵਨੀ ਦਿੱਤੀ ਅਜਿਹੇ ਜਾਲਾਂ ਵਿੱਚ ਫਸਣ ਦੇ ਭਿਆਨਕ ਨਤੀਜੇ ਨਿਕਲਦੇ ਹਨ। ਬੀਤੇ ਦਿਨ ਮਾਪੇ ਅਧਿਆਪਕ ਮਿਲਣੀ ਪ੍ਰੋਗਰਾਮ ’ਚ ਸ਼ਾਮਲ ਹੋਣ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮਾਪੇ ਹੁਣ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚੋਂ ਕੱਢ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਰਹੇ ਹਨ ਕਿਉਂਕਿ ਇੱਥੇ ਸੁਧਾਰ ਹੋਏ ਹਨ। ਉਨ੍ਹਾਂ ਜਿਥੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਹੋਣ ਦੀ ਗੱਲ ਕੀਤੀ, ਉਥੇ ਹੀ ਇਹ ਵੀ ਕਿਹਾ ਕਿ ਅਧਿਆਪਕ ਵਿਸ਼ਵ ਪੱਧਰੀ ਸਿਖਲਾਈ ਪ੍ਰਾਪਤ ਕਰ ਰਹੇ ਹਨ।