ਮਾਨਚੈਸਟਰ ਯੂਨਾਈਟਿਡ ਦੂਜੇ ਦਰਜੇ ਦੀ ਟੀਮ ਮਿਡਲਸਬੋਰੋ ਹੱਥੋਂ ਚੌਥੇ ਗੇੜ ਦੇ ਮੁਕਾਬਲੇ ਵਿਚ ਪੈਨਲਟੀ ਸ਼ੂਟਆਊਟ ਵਿਚ ਹਾਰਨ ਤੋਂ ਬਾਅਦ ਐੱਫਏ ਕੱਪ ‘ਚੋਂ ਬਾਹਰ ਹੋ ਗਈ। ਮਾਨਚੈਸਟਰ ਯੂਨਾਈਟਿਡ ਤੇ ਮਿਡਲਸਬੋਰੋ ਵਿਚਾਲੇ ਮੁਕਾਬਲਾ ਤੈਅ ਸਮੇਂ ਤਕ 1-1 ਦੀ ਬਰਾਬਰੀ ‘ਤੇ ਰਿਹਾ ਜਿਸ ਤੋਂ ਬਾਅਦ ਨਤੀਜੇ ਦਾ ਫ਼ੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ ਜਿੱਥੇ ਮਿਡਲਸਬੋਰੋ ਨੇ ਮਾਨਚੈਸਟਰ ਯੂਨਾਈਟਿਡ ਨੂੰ 8-7 ਦੇ ਫ਼ਰਕ ਨਾਲ ਹਰਾਇਆ। ਇਸ ਤੋਂ ਪਹਿਲਾਂ ਮਾਨਚੈਸਟਰ ਯੂਨਾਈਟਿਡ ਲਈ ਜੇਡੋਨ ਸਾਂਚੋ ਨੇ 25ਵੇਂ ਮਿੰਟ ਵਿਚ ਬਰੂਨੋ ਫਰਨਾਂਡੇਜ ਦੇ ਪਾਸ ‘ਤੇ ਗੋਲ ਕਰ ਕੇ ਟੀਮ ਨੂੰ ਬੜ੍ਹਤ ਦਿਵਾਈ। ਮਾਨਚੈਸਟਰ ਯੂਨਾਇਟਡ ਨੇ ਇਸ ਬੜ੍ਹਤ ਨੂੰ ਪਹਿਲੇ ਅੱਧ ਤਕ ਕਾਇਮ ਰੱਖਿਆ ਪਰ ਦੂਜੇ ਅੱਧ ਵਿਚ ਮਿਡਲਸਬੋਰੋ ਵੱਲੋਂ ਮੈਟ ਕਰੂਕਸ ਨੇ ਡੰਕਨ ਵਾਟਮੋਰ ਦੇ ਪਾਸ ‘ਤੇ 64ਵੇਂ ਮਿੰਟ ਵਿਚ ਗੋਲ ਕਰ ਕੇ ਬਰਾਬਰੀ ਦਿਵਾਈ। ਫਿਰ ਆਖ਼ਰੀ ਸੀਟੀ ਤਕ ਦੋਵੇਂ ਟੀਮਾਂ ਹੋਰ ਗੋਲ ਨਹੀਂ ਕਰ ਸਕੀਆਂ ਤੇ ਮੈਚ ਦਾ ਨਤੀਜਾ ਪੈਨਲਟੀ ਸ਼ੂਟਆਊਟ ਰਾਹੀਂ ਨਿਕਲਿਆ।