ਵੈਰਾਗੀ ਨੇ ਬੰਧਨ…ਵੈਰਾਗੀ ਨੇ ਬੰਧਨ…ਵੈਰਾਗੀ ਨੇ ਬੰਧਨ.. ਇਸ ਧੁੰਨ ਦਾ ਸੰਗੀਤ ਜਿੰਨ੍ਹਾਂ ਸੁਣਨ ਵਿਚ ਮਨਮੋਹਕ ਲੱਗਦਾ ਸੀ, ਪਰ ਕਿਸੇ ਅਣਜਾਣੇ ਜਿਹੇ ਡਰ ਦੇ ਨਾਲ ਮੇਰਾ ਸਾਰਾ ਸਰੀਰ ਕੰਬ ਉਠਦਾ ਸੀ। ਮੈਂ ਫਿਰ ਸੁਣਦੀ…ਫਿਰ ਬੰਦ ਕਰ ਦਿੰਦੀ ਹਾਂ। ਸ਼ੋਸ਼ਲ ਮੀਡੀਆ ਦਾ ਬੋਲਬਾਲਾ ਮਨੁੱਖੀ ਜਿੰਦਗੀ ਉਪਰ ਜਿੰਨ੍ਹਾਂ ਹਾਵੀਂ ਹੁੰਦਾ ਜਾ ਰਿਹਾ ਹੈ, ਮਨੁੱਖ ਵੀ ਆਪਣੇ ਆਪ ਤੋਂ ਉਨ੍ਹਾਂ ਹੀ ਦੂਰ ਹੁੰਦਾ ਜਾ ਰਿਹਾ ਹੈ ਅਤੇ ਮਨੁੱਖ ਦੀ ਆਪਣੀ ਸੋਚਣ ਸ਼ਕਤੀ ਉਨ੍ਹੀਂ ਹੀ ਕਮਜ਼ੋਰ ਹੁੰਦੀ ਜਾ ਰਹੀ ਹੈ। ਹੁਣ ਕੋਈ ਖ਼ਬਰ ਸ਼ੋਸ਼ਲ ਮੀਡੀਆ ‘ਤੇ ਉਠਦੀ ਹੈ ਤੇ ਫਿਰ ਦੋ ਚਾਰ ਦਿਨ ਬਾਅਦ ਉਸੇ ਖ਼ਬਰ ਉਪਰ ਧੂੜ ਦੇ ਕਣ ਜਮਾਂ ਹੋ ਜਾਂਦੇ ਹਨ ਅਤੇ ਉਹ ਖ਼ਬਰ ਦੱਬ ਜਾਂਦੀ ਹੈ।
ਪਰ ਇਸ ਤਰ੍ਹਾ ਹਰ ਖ਼ਬਰ ਦੇ ਨਾਲ ਨਹੀਂ ਹੁੰਦਾ, ਕੁਝ ਕੁ ਖ਼ਬਰਾਂ ਐਸੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਮਨੁੱਖੀ ਮਨ ਉਪਰ ਸਦੀਵੀਂ ਸਦੀਵੀਂ ਅਸਰ ਪੈ ਜਾਂਦਾ ਹੈ ਅਤੇ ਉਹ ਮਨੁੱਖੀ ਮਨ ਉਪਰ ਇਸ ਤਰੀਕੇ ਨਾਲ ਕਾਬਜ਼ ਹੋ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਨਾ ਤਾਂ ਮਨੁੱਖੀ ਮਨ ਸਹਾਰ ਸਕਦਾ ਹੈ ਅਤੇ ਨਾ ਹੀ ਛੱਡ ਸਕਦਾ ਹੈ। ਇਸ ਤਰ੍ਹਾ ਹੀ ਇਕ ਦਿਨ ਮੈਂ ਬੜੇ ਅਰਾਮ ਨਾਲ ਬੈਠੀ ਹੋਈ ਆਪਣਾ ਮੋਬਾਇਲ ਦੇਖ ਰਹੀ ਸੀ ਕਿ ਅਚਾਨਕ ਵਟਸਐਪ ‘ਤੋਂ ਇਕ ਮੈਸਿਜ ਆਇਆ ਕਿ ‘ਨਿਸ਼ਾ ਕਾਪਸੀ’ ਨਾਂਅ ਦੀ ਇਕ ਲੜਕੀ ਨੇ ਆਪਣਾ ਕਰੋੜਾਂ ਰੁਪਏ ਦਾ ਕਾਰੋਬਾਰ ਛੱਡ ਕੇ ਆਪਣੀ ਐਸ਼ੋਇਸ਼ਰਤ ਵਾਲੀ ਜਿੰਦਗੀ ਤੋਂ ਸੰਨਿਆਸ ਲੈ ਲਿਆ ਹੈ। ਮਨ ਵਿਚ ਵਾਰ ਵਾਰ ਆ ਰਿਹਾ ਸੀ ਕਿ ਇਹ ਕਿਉਂ ਹੋਇਆ? ਫਿਰ ਸੋਚਦੀ ਜਾ ਰਹੀ ਸਾਂ ਕਿ…ਛੱਡ ਧਰਮ ਦਾ ਮਾਮਲਾ ਕਿਉਂ ਕੋਈ ਮਸਲਾ ਖੜ੍ਹਾ ਕਰਨਾ?
ਭਾਰਤ ਵਰਗੇ ਧਰਮ ਨਿਰਪੱਖ ਦੇਸ਼ ਵਿਚ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਨੂੰ ਮੰਨ ਸਕਦਾ ਹੈ, ਪਰ ਫਿਰ ਵੀ ਮਨ ਮੰਨਣ ਲਈ ਤਿਆਰ ਨਹੀਂ ਸੀ ਕਿ ਇਸ ਪਿਛੇ ਕੀ ਕਾਰਨ ਹੋ ਸਕਦਾ ਹੈ ਕਿ ਇਕ 30 ਵਰ੍ਹਿਆਂ ਦੀ ਸੁੰਦਰ ਲੜਕੀ ਆਪਣੀ ਜਿੰਦਗੀ ਦਾ ਬਹੁਤ ਹੀ ਵਧੀਆ ਸਮਾਂ ਛੱਡ ਕੇ ਸੰਨਿਆਸ ਲੈ ਰਹੀ ਹੈ। ਕਾਫੀ ਦਿਨਾਂ ਦੀ ਕਸ਼ਮਕਸ਼ ਤੋਂ ਬਾਅਦ ਫਿਰ ਮੈਂ ਥੋੜੀ ਉਸ ਬਾਰੇ ਹੋਰ ਜਾਣਕਾਰੀ ਹਾਂਸਲ ਕੀਤੀ ਤਾਂ ਪਤਾ ਲੱਗਿਆ ਕਿ ਸਾਢੇ 7 ਸਾਲ ਤੋਂ ਇਕੱਲੀ ਨਿਊਯਾਰਕ ਵਿਚ ਆਪਣੇ ਘਰ ਵਿਚ ਰਹਿ ਰਹੀ ਸੀ ਅਤੇ ਇਕੱਲੀ ਹੀ ਉਥੋਂ ਆਪਣਾ ਹੀਰਿਆਂ ਦਾ ਕਾਰੋਬਾਰ ਚਲਾ ਰਹੀ ਸੀ ਤੇ ਉਸ ਦੇ ਮਾਤਾ ਪਿਤਾ ਭਾਰਤ ਵਿਚ ਆਪਣਾ ਕਾਰੋਬਾਰ ਕਰ ਰਹੇ ਸਨ।
ਫਿਰ ਮਨ ਵਿਚ ਵਿਚਾਰ ਆਇਆ ਕਿ ਸ਼ਾਇਦ ਮਾਤਾ ਪਿਤਾ (ਮਾਪੇ) ਵੀ ਕਿਤੇ ਨਾ ਕਿਤੇ ਜਿੰਮੇਵਾਰ ਹਨ ਜੋ ਬੱਚੇ ਇਸ ਤਰ੍ਹਾ ਦੀ ਭਰ ਜਵਾਨੀ ਵਿਚ ਆਪਣੇ ਪੈਰਾਂ ‘ਤੇ ਪੂਰੀ ਤਰ੍ਹਾ ਕਾਬਜ਼ ਹੋ ਕੇ ਵੀ ਸੰਨਿਆਸ ਨੂੰ ਵਿਅਕਤੀਗਤ ਜਿੰਦਗੀ ਨਾਲੋਂ ਜ਼ਿਆਦਾ ਤਰਜੀਹ ਦੇ ਰਹੇ ਹਨ। ਕਾਸ਼… ਜੇਕਰ ਉਸ ਦੇ ਮਾਪੇ ਉਸ ਬੱਚੀ ਨੂੰ ਆਪਣੇ ਟਾਇਮ ਵਿਚੋਂ ਟਾਇਮ ਕੱਢ ਕੇ ਉਹ ਟਾਇਮ ਆਪਣੀ ਬੱਚੀ ਨੂੰ ਦਿੰਦੇ ਤਾਂ ਸ਼ਾਇਦ ਉਹ ਬੱਚੀ ਵੀ ਅੱਜ ਆਪਣੇ ਪਰਿਵਾਰ ਵਿਚ ਹੁੰਦੀ। ਇਸੇ ਤਰ੍ਹਾ ਹੀ ਇਕ ਬਹੁਤ ਹੀ ਖੂਬਸੂਰਤ ਲੜਕਾ ਜਿਸ ਦੀ ਉਮਰ ਮਸਾ ਹਾਲੇ 22-24 ਸਾਲ ਦੀ ਹੋਵੇਗੀ, ਉਹ ਵੀ ਸੰਨਿਆਸ ਲੈ ਰਿਹਾ ਸੀ। ਉਸ ਸਮੇਂ ਉਸ ਦੇ ਪੰਡਾਲ ਵਿਚ ਭਾਵੇਂ ਜੈ ਜੈ ਕਾਰ ਦੇ ਨਾਅਰੇ ਗੂੰਜ ਰਹੇ ਸਨ, ਪਰ ਉਸ ਸਮੇਂ ਉਸ ਦੀ ਮਾਂ ਉਪਰ ਦੁੱਖਾਂ ਦਾ ਪਹਾੜ ਜਿਹਾ ਟੁੱਟ ਰਿਹਾ ਪ੍ਰਤੀਤ ਹੋ ਰਿਹਾ ਸੀ।
ਮਾਂ ਦੀਆਂ ਅੱਖਾਂ ਵਿਚਲਾ ਜਵਾਰਭਾਟਾ ਉਸ ਨੂੰ ਬਾਹਰੀ ਦੁਨੀਆਂ ਨਾਲੋਂ ਤੋੜ ਕੇ ਅੰਦਰੂਨੀ ਦੁੱਖ ਉਪਰ ਕਾਬਜ਼ ਹੁੰਦਾ ਦਿਖਾਈ ਦੇ ਰਿਹਾ ਸੀ ਅਤੇ ਉਸ ਨੂੰ ਦੇਖਣ ਤੋਂ ਹੀ ਪਤਾ ਲੱਗ ਰਿਹਾ ਸੀ ਕਿ ਉਸ ਉਪਰ ਕੀ ਬੀਤ ਰਹੀ ਸੀ? ਲੜਕੇ ਦੇ ਪਿਤਾ ਨੇ ਇਹ ਗੱਲ ਖੁਦ ਮੰਨੀ ਕਿ ਮੈਂ ਕਦੇ ਦੁਕਾਨ ਵਿਚ ਤੇ ਕਦੇ ਮਕਾਨ ਅਤੇ ਕਦੇ ਪੈਸੇ ਕਮਾਉਣ ਵਿਚ ਰੁੱਝਿਆ ਰਿਹਾ…ਮੈਂ ਸੋਚਦਾ ਸੀ ਕਿ ਆਪਣੇ ਲੜਕੇ ਨੂੰ ਮੈਂ ਸਮਝਾ ਲਵਾਂਗਾ, ਇਸ ਨੂੰ ਸਿੱਧੇ ਰਸਤੇ ‘ਤੇ ਲੈ ਆਵਾਂਗਾ, ਪਰ ਜਦੋਂ ਮੈਨੂੰ ਘਰ ਦੀ ਸੁਰਤ ਆਈ ਤਾਂ ਸਾਰਾ ਕੁਝ ਮੇਰੇ ਹੱਥਾਂ ਵਿਚੋਂ ਨਿਕਲ ਗਿਆ ਸੀ। ਇਹ ਜੋ ਸਾਧੂ ਬਣਨ ਜਾ ਰਿਹਾ ਮੇਰੇ ਇਨ੍ਹਾਂ ਪਾਪੀ ਹੱਥਾਂ ਨੇ ਇਸ ਮਾਸੂਮ ਨੂੰ ਵੀ ਨਹੀਂ ਬਖਸ਼ਿਆ। ਬਹੁਤ ਵਾਰ ਮੈਂ ਆਪਣੇ ਇਨ੍ਹਾਂ ਹੱਥਾਂ ਨਾਲ, ਲੜਕੇ ਨੂੰ ਮਾਰਿਆਂ ਵੀ ਸੀ।
ਮੈਂ ਸੋਚਦਾ ਸੀ ਕਿ ਮੈਂ ਇਸ ਨੂੰ ਸਮਝਾ ਲਵਾਂਗਾ, ਪਰ ਸਮਾਂ ਮੇਰੇ ਹੱਥਾਂ ਵਿਚੋਂ ਰੇਤ ਦੇ ਕਣਾਂ ਦੀ ਤਰ੍ਹਾ ਫਿਸਲ ਗਿਆ। ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਹ ਵੱਡਾ ਹੋ ਗਿਆ ਅਤੇ ਉਸ ਨੇ ਆਪਣੀ ਜਿੰਦਗੀ ਦਾ ਫੈਸਲਾ ਖੁਦ ਕਰ ਲਿਆ। ਮੈਂ ਸਾਰੀ ਜਿੰਦਗੀ ਪੈਸਾ ਕਮਾਇਆ, ਪੈਸਾ ਕਮਾਉਣ ਕਰਕੇ ਮੈਂ ਆਪਣੇ ਲੜਕੇ ਨੂੰ ਪਿਆਰ ਦੇ ਉਹ ਪਲ ਨਾ ਦੇ ਸਕਿਆ, ਜੋ ਮੈਂ ਸੋਚਦਾ ਰਿਹਾ ਕਿ ਪੈਸੇ ਕਮਾ ਕੇ ਅਰਾਮ ਨਾਲ ਬੈਠਾਂਗਾ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਵਾਂਗਾ। ਲੜਕੇ ਨੂੰ ਦੁਨੀਆਂ ਦਾ ਹਰ ਸੁੱਖ ਦੇਵਾਂਗਾ, ਪਰ ਅੱਜ ਮੈਂ ਇਸ ਦੇ ਦੀਕਸ਼ਾ ਸਮਾਰੋਹ ਵਿਚ ਆਇਆ। ਦੇਖੋ-ਦੇਖੋ ਅੱਜ ਲੜਕੇ ਦੇ ਸਭ ਤੋਂ ਨੇੜੇ ਕੌਣ ਹੈ? ਇਸ ਦੀ ਮਾਂ ਉਹ ਸਾਰੀ ਉਮਰ ਹੀ ਇਸ ਦਾ ਸੰਸਾਰਿਕ ਰਿਸ਼ਤਾ ਛੱਡ ਜਾਣ ਦਾ ਦੁੱਖ ਸੀਨੇ ਵਿਚ ਦਬਾ ਕੇ ਰੱਖੇਗੀ, ਉਹ ਪਹਿਲਾਂ ਵੀ ਬਹੁਤ ਦੁਖੀ ਸੀ ਤੇ ਹੁਣ ਉਸ ਦੇ ਸੰਨਿਆਸੀ ਜੀਵਨ ਵਿਚ ਆਉਣ ਵਾਲੀਆਂ ਕਠਨਾਈਆਂ ਬਾਰੇ ਸੋਚ-ਸੋਚ ਕੇ ਪੱਥਰ ਹੁੰਦੀ ਜਾ ਰਹੀ ਹੈ ਅਤੇ ਬਹੁਤ ਦੁਖੀ ਹੈ।
ਲੜਕੇ ਦੇ ਬਾਪ ਨੇ ਆਪਣੇ ਲੜਕੇ ਨੂੰ ਕਿਹਾ ਕਿ ਜੋ ਕੁਝ ਮੈਂ ਮੇਰੇ ਸੰਸਾਰਿਕ ਪਿਤਾ ਹੋਣ ਦੇ ਨਾਤੇ ਤੈਨੂੰ ਨਾ ਦੇ ਸਕਿਆ ਉਹ ਤੂੰ ਆਪਣੇ ਇਨ੍ਹਾਂ ਧਾਰਮਿਕ ਗੁਰੂਆਂ (ਪਿਤਾ) ਤੋਂ ਪ੍ਰਾਪਤ ਕਰੀਂ ਅਤੇ ਮੇਰੇ ਤੋਂ ਚੰਗੀ ਸਿੱਖਿਆ ਇਨ੍ਹਾਂ ਦੀ ਹੋਵੇਗੀ। ਤੂੰ ਇਨ੍ਹਾਂ ਦੀ ਸੰਗਤ ਵਿਚ ਰਹੇਗਾਂ ਤਾਂ ਤੇਰਾ ਇਕੱਲਾਪਨ ਤੇਰੇ ਨਾਲ ਨਹੀਂ ਹੋਵੇਗਾ। ਤੂੰ ਇਸ ਸੰਸਾਰਿਕ ਜੀਵਨ ਦਾ ਮੋਹ ਤਿਆਗ ਹੀ ਦੇਵੀਂ ਅਤੇ ਕਦੇ ਵੀ ਵਾਪਸ ਆਉਣ ਦੀ ਕੋਸ਼ਿਸ਼ ਨਾ ਕਰੀਂ। ਵੈਰਾਗੀ ਨੇ ਬੰਧਨ…ਵੈਰਾਗੀ ਨੇ ਬੰਧਨ…ਵੈਰਾਗੀ ਨੇ ਬੰਧਨ…
ਲੇਖਿਕਾ–ਅੰਗਰੇਜ਼ੀ ਲੈਕਚਰਾਰ- ਪਰਮਜੀਤ ਕੌਰ ਸਿੱਧੂ
ਮੋਬਾਈਲ :- 98148-90905