ਜ਼ਿੰਦਗੀ ’ਚ ਹਰ ਚੰਗੀ ਗੱਲ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ, ਜੋ ਸਾਡੇ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੀ ਹੈ। ਚੰਗੀਆਂ ਗੱਲਾਂ ਵਿੱਚੋਂ ਗਿਆਨ ਉਪਜਦਾ ਹੈ ਤੇ ਅਸੀਂ ਉਸ ਗਿਆਨ ਜ਼ਰੀਏ ਜ਼ਿੰਦਗੀ ਦੇ ਵੱਡੇ-ਵੱਡੇ ਫ਼ੈਸਲੇ ਕਰ ਸਕਦੇ ਹਾਂ। ਬੱਚਿਆਂ ਨੂੰ ਚੰਗੀਆਂ ਗੱਲਾਂ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ, ਜਿਸ ਦੀ ਸ਼ੁਰੂਆਤ ਘਰ ਤੋਂ ਹੁੰਦੀ ਹੈ। ਘਰ ਦਾ ਖ਼ੁਸ਼ਨੁਮਾ ਮਾਹੌਲ ਬੱਚੇ ਦੇ ਦਿਮਾਗ਼ੀ ਵਿਕਾਸ ਲਈ ਜ਼ਰੁੂਰੀ ਹੈ। ਜੋ ਗੱਲਾਂ ਬੱਚੇ ਦੇ ਦਿਮਾਗ਼ ’ਚ ਸ਼ੁਰੂ ਤੋਂ ਬੈਠ ਜਾਣ, ਉਨ੍ਹਾਂ ਦਾ ਅਸਰ ਸਾਰੀ ਉਮਰ ਵੇਖਣ ਨੂੰ ਮਿਲਦਾ ਹੈ, ਫਿਰ ਚਾਹੇ ਗੱਲਾਂ ਚੰਗੀਆਂ ਹੋਣ ਜਾਂ ਮਾੜੀਆਂ।
ਚਰਿੱਤਰ ਦਾ ਨਿਰਮਾਣ ਕਰਦੀਆਂ ਹਨ ਆਦਤਾਂ
ਬੱਚੇ ਦੀਆਂ ਆਦਤਾਂ ਵੱਲ ਧਿਆਨ ਕੇਂਦਰਿਤ ਰੱਖਣਾ ਮਾਪਿਆਂ ਦਾ ਮੁੱਢਲਾ ਫ਼ਰਜ਼ ਹੈ। ਜੋ ਆਦਤਾਂ ਅਸੀਂ ਬੱਚੇ ਨੂੰ ਬਚਪਨ ਤੋਂ ਸਿਖਾ ਦੇਵਾਂਗੇ, ਉਹੀ ਆਦਤਾਂ ਉਸ ਦੇ ਚਰਿੱਤਰ ਦਾ ਨਿਰਮਾਣ ਕਰਨਗੀਆਂ। ਆਦਤਾਂ ਦਾ ਪੱਕੇ ਤੌਰ ’ਤੇ ਨਿਰਮਾਣ ਮਾਪਿਆਂ ਵੱਲੋਂ ਸਿਖਾਈਆਂ ਜਾਣ ਵਾਲੀਆਂ ਗੱਲਾਂ ਤੋਂ ਹੁੰਦਾ ਹੈ। ਚੰਗਾ-ਮਾੜਾ, ਸੱਚ-ਝੂਠ ਤੇ ਗ਼ਲਤ-ਸਹੀ ਸਾਰੀਆਂ ਹੀ ਗੱਲਾਂ ਬੱਚਾ ਘਰ ਤੋਂ ਸਿੱਖਦਾ ਹੈ ਕਿਉਂਕਿ ਬੱਚੇ ਦੇ ਪਹਿਲੇ ਅਧਿਆਪਕ ਮਾਪੇ ਹੁੰਦੇ ਹਨ। ਚੰਗੀਆਂ ਗੱਲਾਂ ’ਚ ਬੱਚਿਆਂ ਨੂੰ ਸਿੱਖਿਆਦਾਇਕ ਕਹਾਣੀਆਂ ਸੁਣਾ ਸਕਦੇ ਹਾਂ, ਕਿਸੇ ਵਿਅਕਤੀ ਵਿਸ਼ੇਸ਼ ਦੀ ਜੀਵਨੀ ਬਾਰੇ ਜਾਣਕਾਰੀ ਦੇ ਸਕਦੇ ਹਾਂ, ਬੁਝਾਰਤਾਂ ਨਾਲ ਉਸ ਦਾ ਮਨ ਪਰਚਾਵਾ ਤੇ ਦਿਮਾਗ਼ੀ ਕਸਰਤ ਕਰਵਾ ਸਕਦੇ ਹਾਂ। ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਉਣ ਦੇ ਨਾਲ-ਨਾਲ ਆਪਣੇ ਸੱਭਿਆਚਾਰ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ।
ਘਰ ਬੱਚਿਆਂ ਦਾ ਪਹਿਲਾ ਸਕੂਲ
ਬੱਚੇ ਮਾਨਸਿਕ ਰੂਪ ’ਚ ਆਪਣੇ ਸਮਾਜ ਪ੍ਰਤੀ ਚੰਗੀ ਸੋਚ ਰੱਖਣ ਤਾਂ ਜੋ ਉਹ ਚੰਗੇ ਨਾਗਰਿਕ ਹੋਣ ਦਾ ਫ਼ਰਜ਼ ਨਿਭਾ ਸਕਣ। ਘਰ ਬੱਚਿਆਂ ਦਾ ਪਹਿਲਾ ਸਕੂਲ ਹੁੰਦਾ ਹੈ ਤੇ ਮਾਪੇ ਅਧਿਆਪਕ। ਉਨ੍ਹਾਂ ਨੂੰ ਉੱਚ ਆਦਰਸ਼ ਵਾਲਾ ਜੀਵਨ ਜਿਊਣ ਦਾ ਢੰਗ ਦੱਸ ਕੇ ਮਾਪੇ ਬੱਚਿਆਂ ਦੇ ਮਾਰਗ ਦਰਸ਼ਕ ਬਣ ਸਕਦੇ ਹਨ। ਸਮੇਂ ਸਿਰ ਉੱਠਣਾ, ਪੜ੍ਹਾਈ ਦੌਰਾਨ ਗੱਲਾਂ ਨਾ ਕਰਨਾ, ਖਾਣ ਤੋਂ ਪਹਿਲਾਂ ਤੇ ਬਾਅਦ ’ਚ ਹੱਥਾਂ ਨੂੰ ਧੋਣਾ, ਟੀਵੀ ਘੱਟ ਦੇਖਣਾ, ਵੱਡਿਆਂ ਦਾ ਸਤਿਕਾਰ, ਲੜਾਈ ਨਾ ਕਰਨਾ, ਕਿਸੇ ਦੀ ਬੁਰਾਈ ਨਾ ਕਰਨਾ, ਆਪਣੇ ਦੋਸਤਾਂ ਨਾਲ ਚੰਗੇ ਸਬੰਧ ਬਣਾ ਕੇ ਰੱਖਣਾ, ਕਮਜ਼ੋਰਾਂ ਦੀ ਮਦਦ ਕਰਨਾ, ਹਮੇਸ਼ਾ ਸੱਚ ਬੋਲਣਾ ਆਦਿ। ਚੰਗੀਆਂ ਗੱਲਾਂ ਦੱਸਣ ਲਈ ਕਿਸੇ ਵਿਸ਼ੇਸ਼ ਕਲਾਸ ਦੀ ਲੋੜ ਨਹੀਂ ਸਗੋਂ ਮਾਪਿਆਂ ਨੂੰ ਬੱਚਿਆਂ ਸਾਹਮਣੇ ਰੋਲ ਮਾਡਲ ਬਣ ਕੇ ਸਿਖਾਉਣੀਆਂ ਚਾਹੀਦੀਆਂ ਹਨ। ਜਿਹੜੀਆਂ ਗੱਲਾਂ ਅਸੀਂ ਬੱਚਿਆਂ ਨੂੰ ਸਿਖਾ ਰਹੇ ਹਾਂ, ਉਨ੍ਹਾਂ ’ਤੇ ਪਹਿਲਾਂ ਖ਼ੁਦ ਨੂੰ ਪਹਿਰਾ ਦੇਣਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੀਆਂ ਗੱਲਾਂ ਬੱਚੇ ਦੇਖਾਦੇਖੀ ’ਚ ਸਿੱਖਦੇ ਹਨ।
ਕਰੀਅਰ ਬਾਰੇ ਲੈ ਸਕਦੇ ਹਨ ਫ਼ੈਸਲੇ
ਸਕੂਲ ’ਚ ਬੱਚਿਆਂ ਨੂੰ ਅਧਿਆਪਕਾਂ ਵੱਲੋਂ ਕਿਤਾਬੀ ਗਿਆਨ ਦੇ ਨਾਲ-ਨਾਲ ਨੈਤਿਕ ਸਿੱਖਿਆ ਦਿੱਤੀ ਜਾਂਦੀ ਹੈ। ਇਸ ਲਈ ਜੇ ਬੱਚੇ ਅਤੇ ਮਾਪੇ ਸ਼ੁਰੂ ਤੋਂ ਹੀ ਕੋਸ਼ਿਸ਼ ਕਰਨ ਤਾਂ ਬੱਚਿਆਂ ’ਚ ਚੰਗਾ ਇਨਸਾਨ ਬਣਨ ਦੇ ਸਾਰੇ ਗੁਣ ਆ ਸਕਦੇ ਹਨ ਤੇ ਉਹ ਆਪ-ਮੁਹਾਰੇ ਹੀ ਚੰਗੀਆਂ ਤੇ ਸਹੀ ਗੱਲਾਂ ਸੋਚਣ ਦੇ ਕਾਬਿਲ ਬਣ ਸਕਦੇ ਹਨ, ਜਿਸ ਨਾਲ ਉਹ ਜ਼ਿੰਦਗੀ ’ਚ ਅੱਗੇ ਜਾ ਕੇ ਆਪਣੇ ਕਰੀਅਰ ਨਾਲ ਸਬੰਧਤ ਅਹਿਮ ਫ਼ੈਸਲੇੇ ਲੈ ਸਕਦੇ ਹਨ।