Mark Boucher head coach: ਸਾਬਕਾ ਵਿਕਟਕੀਪਰ ਮਾਰਕ ਬਾਊਚਰ ਦੱਖਣੀ ਅਫ਼ਰੀਕਾ ਦੀ ਕ੍ਰਿਕਟ ਟੀਮ ਦਾ ਮੁੱਖ ਕੋਚ ਬਣ ਗਿਆ ਹੈ । ਦਰਅਸਲ, ਦੱਖਣੀ ਅਫ਼ਰੀਕਾ ਦੀ ਟੀਮ ICC ਵਿਸ਼ਵ ਕੱਪ 2019 ਤੋਂ ਬਹੁਤ ਮੁਸ਼ਕਿਲ ਪੜਾਅ ਵਿੱਚੋਂ ਲੰਘ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਮਾਰਕ ਬਾਊਚਰ ਸਾਲ 2023 ਤੱਕ ਦੱਖਣੀ ਅਫ਼ਰੀਕਾ ਦੀ ਕ੍ਰਿਕਟ ਟੀਮ ਦੇ ਕੋਚ ਬਣੇ ਰਹਿਣਗੇ । ਇਸ ਸਬੰਧੀ ਕ੍ਰਿਕਟ ਸਾਊਥ ਅਫ਼ਰੀਕਾ ਦੇ ਕਾਰਜਕਾਰੀ ਕ੍ਰਿਕਟ ਡਾਇਰੈਕਟਰ ਅਤੇ ਸਾਬਕਾ ਕਪਤਾਨ ਗ੍ਰੇਮ ਸਮਿੱਥ ਵੱਲੋਂ ਬਾਊਚਰ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ ਹੈ ।
ਇਸ ਸਬੰਧੀ ਕ੍ਰਿਕਬਜ਼ ਨੇ ਸਮਿੱਥ ਦੇ ਹਵਾਲੇ ਨਾਲ ਦੱਸਿਆ ਕਿ ਉਹ ਬਾਊਚਰ ਨੂੰ ਬੋਰਡ ਵਿੱਚ ਇਸ ਲਈ ਲੈ ਕੇ ਆਏ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਇਕ ਮਜ਼ਬੂਤ ਟੀਮ ਵਿੱਚ ਬਦਲ ਸਕਦਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਬਾਊਚਰ ਕੋਲ ਅੰਤਰਰਾਸ਼ਟਰੀ ਖਿਡਾਰੀ ਹੋਣ ਦੇ ਨਾਤੇ ਲੰਬਾ ਤਜਰਬਾ ਹੈ ।
ਦੱਸ ਦੇਈਏ ਕਿ ਦੱਖਣੀ ਅਫ਼ਰੀਕਾ ਦੀ ਟੀਮ ਇੰਗਲੈਂਡ ਨਾਲ ਬਾਊਚਰ ਦੀ ਨਿਗਰਾਨੀ ਵਿੱਚ ਚਾਰ ਟੈਸਟ, ਤਿੰਨ ਵਨਡੇ ਅਤੇ ਤਿੰਨ ਟੀ -20 ਮੈਚ ਖੇਡੇਗੀ । ਇਸ ਸੀਰੀਜ਼ ਦੀ ਸ਼ੁਰੂਆਤ ਸੈਂਚੂਰੀਅਨ ਦੇ ਸੁਪਰਸਪੋਰਟ ਪਾਰਕ ਦੇ ਮੈਦਾਨ ਵਿੱਚ ਇੱਕ ਬਾਕਸਿੰਗ ਡੇਅ ਟੈਸਟ ਨਾਲ ਹੁੰਦੀ ਹੈ ।
ਜ਼ਿਕਰਯੋਗ ਹੈ ਕਿ ਮਾਰਕ ਬਾਊਚਰ ਦੱਖਣੀ ਅਫ਼ਰੀਕਾ ਦੇ ਸਾਬਕਾ ਕ੍ਰਿਕਟਰ ਹਨ । ਉਨ੍ਹਾਂ ਦੇ ਨਾਮ ਕਿਸੇ ਵਿਕਟਕੀਪਰ ਵੱਲੋਂ ਟੈਸਟ ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ ਬੱਲੇਬਾਜ਼ਾਂ ਨੂੰ ਪਵੇਲੀਅਨ ਪਹੁੰਚਾਉਣ ਦਾ ਰਿਕਾਰਡ ਦਰਜ ਹੈ । ਬਾਊਚਰ ਨੇ ਵਿਕਟ ਦੇ ਪਿੱਛੇ 532 ਕੈਚਾਂ ਅਤੇ ਵਿਕਟ ਦੇ ਪਿੱਛੇ 23 ਸਟੰਪਿੰਗਾਂ ਨਾਲ ਕੁੱਲ 555 ਵਿਕਟਾਂ ਲਈਆਂ ਹਨ ।