ਮੱਧ ਪ੍ਰਦੇਸ਼- ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਭਾਰਤ ਦੇ ਚਾਰ ਜ਼ਿਲ੍ਹਿਆਂ ਤੱਕ ਸੀਮਤ ਨਕਸਲਵਾਦ ਨੂੰ ਅਗਲੇ ਸਾਲ 31 ਮਾਰਚ ਤੱਕ ਖ਼ਤਮ ਕਰ ਦਿੱਤਾ ਜਾਵੇਗਾ। ਸ਼ਾਹ ਨੇ ਕਿਹਾ ਕਿ ਸੀਆਰਪੀਐੱਫ ਇਸ ਮਿਸ਼ਨ ਦੀ ‘ਰੀੜ੍ਹ ਦੀ ਹੱਡੀ’ ਹੈ। ਸ਼ਾਹ ਇਥੇ ਕੇਂਦਰੀ ਰਿਜ਼ਰਵ ਪੁਲੀਸ ਬਲ ਦੇ 86ਵੇਂ ਸਥਾਪਨ ਦਿਵਸ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਸ਼ਾਹ ਨੇ ਕਿਹਾ, ‘‘ਨਕਸਲਵਾਦ ਭਾਰਤ ਦੇ ਸਿਰਫ਼ ਚਾਰ ਜ਼ਿਲ੍ਹਿਆਂ ਤੱਕ ਸੀਮਤ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਅਨੁਸਾਰ, ਇਹ ਖ਼ਤਰਾ 31 ਮਾਰਚ, 2026 ਤੱਕ ਦੇਸ਼ ਵਿੱਚੋਂ ਖਤਮ ਹੋ ਜਾਵੇਗਾ। ਸੀਏਪੀਐਫ (ਕੇਂਦਰੀ ਹਥਿਆਰਬੰਦ ਪੁਲੀਸ ਬਲ) ਅਤੇ ਸੀਆਰਪੀਐਫ, ਖਾਸ ਕਰਕੇ ਇਸ ਦੀ ਕੋਬਰਾ ਬਟਾਲੀਅਨ, ਦੇਸ਼ ਵਿੱਚੋਂ ਨਕਸਲਵਾਦ ਨੂੰ ਖਤਮ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਰਹੀ ਹੈ।’’
ਕਮਾਂਡੋ ਬਟਾਲੀਅਨ ਫਾਰ ਰੈਜ਼ੋਲਿਊਟ ਐਕਸ਼ਨ (ਕੋਬਰਾ) ਸੀਆਰਪੀਐਫ ਦੀ ਇੱਕ ਵਿਸ਼ੇਸ਼ ਇਕਾਈ ਹੈ, ਜੋ ਗੁਰੀਲਾ ਅਤੇ ਜੰਗਲ ਯੁੱਧ ਤੇ ਖਾਸ ਕਰਕੇ ਨਕਸਲੀ ਖ਼ਤਰੇ ਦਾ ਮੁਕਾਬਲਾ ਕਰਨ ਵਿੱਚ ਆਪਣੀ ਮੁਹਾਰਤ ਲਈ ਜਾਣੀ ਜਾਂਦੀ ਹੈ।
ਸ਼ਾਹ ਨੇ ਕਿਹਾ, ‘‘ਸੀਆਰਪੀਐਫ ਨੇ ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ 400 ਤੋਂ ਵੱਧ ਫਾਰਵਰਡ ਓਪਰੇਟਿੰਗ ਬੇਸ ਸਥਾਪਤ ਕੀਤੇ ਹਨ। ਇਸ ਕਾਰਨ, ਇਨ੍ਹਾਂ ਖੇਤਰਾਂ ਵਿੱਚ ਹਿੰਸਾ 70 ਪ੍ਰਤੀਸ਼ਤ ਤੋਂ ਵੱਧ ਘੱਟ ਗਈ ਹੈ ਅਤੇ ਅਸੀਂ ਹੁਣ ਇਸ ਨੂੰ ਖਤਮ ਕਰਨ ਦੇ ਨੇੜੇ ਹਾਂ।’’
ਉਨ੍ਹਾਂ ਕਿਹਾ ਕਿ ਰਾਸ਼ਟਰੀ ਸੁਰੱਖਿਆ ਵਿੱਚ ਸੀਆਰਪੀਐਫ ਦਾ ਯੋਗਦਾਨ ਬੇਮਿਸਾਲ ਹੈ, ਭਾਵੇਂ ਉਹ ਕਸ਼ਮੀਰ ਘਾਟੀ ਵਿੱਚ ਅਤਿਵਾਦੀਆਂ ਨਾਲ ਲੜਨਾ ਹੋਵੇ, ਉੱਤਰ-ਪੂਰਬ ਵਿੱਚ ਸ਼ਾਂਤੀ ਯਕੀਨੀ ਬਣਾਉਣਾ ਹੋਵੇ, ਜਾਂ ਅੱਜ ਸਿਰਫ ਚਾਰ ਜ਼ਿਲ੍ਹਿਆਂ ਤੱਕ ਕੱਟੜ ਨਕਸਲੀਆਂ ਨੂੰ ਸੀਮਤ ਕਰਨਾ ਹੋਵੇ।
ਉਨ੍ਹਾਂ ਕਿਹਾ, ‘‘ਇਨ੍ਹਾਂ ਸਾਰੀਆਂ ਪ੍ਰਾਪਤੀਆਂ ਵਿੱਚ, ਸੀਆਰਪੀਐਫ ਜਵਾਨਾਂ ਨੇ ਇੱਕ ਵੱਡੀ ਭੂਮਿਕਾ ਨਿਭਾਈ ਹੈ। ਕੋਈ ਵੀ ਕਿਤਾਬ ਉਨ੍ਹਾਂ ਦੀ ਬਹਾਦਰੀ, ਫਰਜ਼ ਦੀ ਭਾਵਨਾ ਅਤੇ ਹਿੰਮਤ ਨਾਲ ਇਨਸਾਫ ਨਹੀਂ ਕਰ ਸਕਦੀ।’’