ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀਆਂ ਦਾ ਕਾਰਵਾਂ ਵੱਡਾ ਹੋਣ ਲੱਗਾ ਹੈ। ਉਨ੍ਹਾਂ ਨੇ ਅੱਜ ਮਾਲਵਾ ਵਿੱਚ ਝੰਡਾ ਗੱਡ ਦਿੱਤਾ ਹੈ। ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਅੱਜ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਬਰਨਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੀ ਮੌਜੂਦਗੀ ਵਿੱਚ ਟਕਸਾਲੀਆਂ ਨਾਲ ਚੱਲ਼ਣ ਦਾ ਐਲਾਨ ਕੀਤਾ।
ਇਸ ਮੌਕੇ ਸਾਬਕਾ ਐਮਪੀ ਰਤਨ ਸਿੰਘ ਅਜਨਾਲਾ, ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ ਤੇ ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ, ਅਮਰਪਾਲ ਸਿੰਘ ਬੋਨੀ ਤੇ ਰਵਿੰਦਰ ਸਿੰਘ ਬ੍ਰਹਮਪੁਰਾ ਵੀ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਪੂਰਾ ਟੀਮ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਰਾਜਦੇਵ ਸਿੰਘ ਖਾਲਸਾ ਦੇ ਘਰ ਪਹੁੰਚੀ। ਰਾਜਦੇਵ ਸਿੰਘ ਖਾਲਸਾ ਨੇ ਸਾਲ 2016 ‘ਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ।
ਇਸ ਮੌਕੇ ਬ੍ਰਹਮਪੁਰਾ ਨੇ ਕਿਹਾ ਕਿ ਰਾਜਦੇਵ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੂੰ ਬਰਨਾਲਾ ਤੇ ਸੰਗਰੂਰ ਵਿੱਚ ਮਜ਼ਬੂਤ ਕਰਨਗੇ। ਟਕਸਾਲੀ ਲੀਡਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਕਿਸੇ ਵੀ ਪਾਰਟੀ ਨਾਲ ਗੱਠਜੋੜ ਕਰਨ ਲਈ ਤਿਆਰ ਹਨ।