ਭਾਰਤ ਦੇ ਗੁਆਂਢੀ ਮੁਲਕ ਮਿਆਂਮਾਰ (Myanmar) ਮਿਲਟਰੀ ਜੁੰਟਾ ਸ਼ਾਸਕਾਂ ਖਿਲਾਫ਼ ਚੱਲ ਰਹੇ ਜਨਤਾ ਦੇ ਅੰਦੋਲਨ ਨਾਲ ਨਜਿੱਠਣ ਲਈ ਉੱਥੋਂ ਦੀ ਫੌਜ ਨੇ ਇਕ ਤਾਨਾਸ਼ਾਹ ਵਰਗਾ ਵਰਤਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ ਫ਼ੌਜ ਦੇ ਹੈਲੀਕਾਪਟਰਾਂ ਨੇ ਇਕ ਪਿੰਡ ਤੇ ਇਕ ਸਕੂਲ ‘ਤੇ ਸਰਕਾਰੀ ਹੈਲੀਕਾਪਟਰਾਂ ਤੋਂ ਹਮਲਾ ਕੀਤਾ ਜਿਸ ਵਿਚ 7 ਬੱਚਿਆਂ ਸਮੇਤ 13 ਲੋਕਾਂ ਦੀ ਜਾਨ ਚਲੀ ਗਈ ਤੇ ਕਈ ਲੋਕ ਜ਼ਖ਼ਮੀ ਹੋ ਗਏ। ਆਲਮ ਇਹ ਰਿਹਾ ਕਿ ਜਾਨ ਬਚਾਉਣ ਲਈ ਲੋਕ ਭੱਜ ਕੇ ਜੰਗਲਾਂ ‘ਚ ਚਲੇ ਗਏ।
ਸਕੂਲ ‘ਤੇ ਹੈਲੀਕਾਪਟਰਾਂ ਰਾਹੀਂ ਹਮਲੇ ਦੀ ਜਾਣਕਾਰੀ ਸਕੂਲ ਪ੍ਰਸ਼ਾਸਕ ਤੇ ਇਕ ਸਹਾਇਤਾ ਕਰਮੀ ਨੇ ਦਿੱਤੀ। ਦੇਸ਼ ਦੇ ਦੂਸਰੇ ਸਭ ਤੋਂ ਵੱਡੇ ਸ਼ਹਿਰ ਮੰਡਾਲੇ ਤੋਂ ਲਗਪਗ 110 ਕਿਲੋਮੀਟਰ ਦੂਰ ਤਬਾਇਨ ਦੇ ਲੇਟ ਯਾਟ ਕੋਨ ਪਿੰਡ ‘ਚ ਸ਼ੁੱਕਰਵਾਰ ਨੂੰ ਇਹ ਹਮਲਾ ਹੋਇਆ। ਸਕੂਲ ਦੀ ਇਕ ਪ੍ਰਸ਼ਾਸਕ ਨੇ ਕਿਹਾ ਕਿ ਪਿੰਡ ਦੇ ਉੱਤਰ ‘ਚ ਮੰਡਰਾ ਰਹੇ 4 ਵਿਚੋਂ 2 MI-35 ਹੈਲੀਕਾਪਟਰਾਂ ਨੇ ਮਸ਼ੀਨਗੰਨਾਂ ਤੇ ਭਾਰੀ ਹਥਿਆਰਾਂ ਨਾਲ ਸਕੂਲ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹ ਵਿਦਿਆਰਥੀਆਂ ਨੂੰ ਅੰਡਰਗਰਾਊਂਡ ਬਣੀਆਂ ਜਮਾਤਾਂ ‘ਚ ਸੁਰੱਖਿਅਤ ਲੈ ਜਾਣ ਦੀ ਕੋਸ਼ਿਸ਼ ਕਰਨ ਲੱਗੇ।