62.42 F
New York, US
April 23, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਿਆਂਮਾਰ ’ਚ ਭੂਚਾਲ: ਆਪਣਿਆਂ ਦੀ ਭਾਲ ’ਚ ਜੁਟੇ ਲੋਕ

ਮਿਆਂਮਾਰ- ਮਿਆਂਮਾਰ ’ਚ ਸ਼ੁੱਕਰਵਾਰ ਨੂੰ 7.7 ਦੀ ਸ਼ਿੱਦਤ ਨਾਲ ਆਏ ਭੂਚਾਲ ਮਗਰੋਂ ਜਿੱਥੇ ਹਰ ਪਾਸੇ ਤਬਾਹੀ ਦਾ ਮੰਜ਼ਰ ਹੈ, ਉੱਥੇ ਮੁਲਕ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ’ਚ ਹੁਣ ਲਾਸ਼ਾਂ ਦੀ ਸੜਾਂਦ ਵੀ ਆਉਣ ਲੱਗੀ ਹੈ ਤੇ ਮਹਾਮਾਰੀ ਫੈਲਣ ਦਾ ਖ਼ਤਰਾ ਹੈ। ਸਥਾਨਕ ਲੋਕਾਂ ਵੱਲੋਂ ਆਪਣਿਆਂ ਦੇ ਜ਼ਿੰਦਾ ਹੋਣ ਦੀ ਭਾਲ ’ਚ ਹੱਥਾਂ ਤੇ ਸਧਾਰਨ ਔਜ਼ਾਰਾਂ ਨਾਲ ਮਲਬਾ ਹਟਾਇਆ ਜਾ ਰਿਹਾ ਹੈ। ਇਸ ਦੌਰਾਨ ਰਾਹਤ ਕਾਰਜਾਂ ’ਚ ਮਲਬੇ ਨਾਲ ਭਰੀਆਂ ਸੜਕਾਂ, ਟੁੱਟ ਚੁੱਕੇ ਪੁਲਾਂ ਤੇ ਸੰਚਾਰ ਸਾਧਨਾਂ ਦੀ ਘਾਟ ਕਾਰਨ ਰੁਕਾਵਟ ਆ ਰਹੀ ਹੈ। ਇਸ ਦੌਰਾਨ ਅੱਜ ਦੁਪਹਿਰ ਸਮੇਂ ਸ਼ਹਿਰ ’ਚ ਮੁੜ 5.1 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਲੋਕ ਮੁੜ ਘਬਰਾ ਗਏ। ਸ਼ਹਿਰ ਦੇ 15 ਲੱਖ ਲੋਕਾਂ ਨੇ ਬੀਤੀ ਰਾਤ ਸੜਕਾਂ ’ਤੇ ਹੀ ਕੱਟੀ। ਕੈਥੋਲਿਕ ਰਿਲੀਫ਼ ਸਰਵਿਸਿਜ਼ ਦੀ ਮੈਨੇਜਰ ਕੈਰਾ ਬਰੈਗ ਨੇ ਦੱਸਿਆ ਕਿ ਹੁਣ ਤੱਕ ਮਿਆਂਮਾਰ ਵਿੱਚ 1,644 ਲੋਕਾਂ ਦੇ ਮਰਨ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 3,408 ਵਿਅਕਤੀ ਜ਼ਖ਼ਮੀ ਹੋਏ ਹਨ। ਇਸ ਦੌਰਾਨ ਚੀਨ ਤੋਂ ਪੁੱਜੀ ਰਾਹਤ ਟੀਮ ਨੇ 40 ਘੰਟਿਆਂ ਤੋਂ ਮਲਬੇ ਹੇਠ ਦੱਬੇ ਬਜ਼ੁਰਗ ਨੂੰ ਬਚਾਇਆ। ਮੁਲਕ ਦੇ ਵਿਦੇਸ਼ ਮੰਤਰਾਲੇ ਮੁਤਾਬਕ ਮਿਆਂਮਾਰ ’ਚ ਦੂਜੇ ਮੁਲਕਾਂ ਤੋਂ ਰਾਹਤ ਪੁੱਜਣੀ ਸ਼ੁਰੂ ਹੋ ਗਈ ਹੈ, ਜਿਨ੍ਹਾਂ ’ਚ ਭਾਰਤ, ਚੀਨ, ਰੂਸ, ਸਿੰਗਾਪੁਰ ਤੇ ਥਾਈਲੈਂਡ ਸ਼ਾਮਲ ਹਨ। ਭੂਚਾਲ ਕਾਰਨ ਥਾਈਲੈਂਡ ਵਿੱਚ ਹੁਣ ਤੱਕ 17 ਲੋਕ ਮਾਰੇ ਜਾ ਚੁੱਕੇ ਹਨ। -ਏਪੀ

ਭਾਰਤ ਨੇ ਰਾਹਤ ਸਮੱਗਰੀ, ਬਚਾਅ ਟੀਮਾਂ ਤੇ ਮੈਡੀਕਲ ਸਹਾਇਤਾ ਭੇਜੀ- ਭਾਰਤ ਨੇ ਮਿਆਂਮਾਰ ’ਚ ਭੂਚਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜ ਫ਼ੌਜੀ ਜਹਾਜ਼ਾਂ ਰਾਹੀਂ ਰਾਹਤ ਸਮੱਗਰੀ, ਬਚਾਅ ਟੀਮਾਂ ਤੇ ਮੈਡੀਕਲ ਸਮੱਗਰੀ ਪਹੁੰਚਾਈ ਹੈ। ਭਾਰਤ ਨੇ ਭੂਚਾਲ ਤੋਂ ਤੁਰੰਤ ਮਗਰੋਂ ਹੀ ‘ਅਪਰੇਸ਼ਨ ਬ੍ਰਹਮਾ’ ਤਹਿਤ ਗੁਆਂਢੀ ਮੁਲਕ ਮਿਆਂਮਾਰ ਤੇ ਥਾਈਲੈਂਡ ਲਈ ਰਾਹਤ ਮਿਸ਼ਨ ਸ਼ੁਰੂ ਕਰ ਦਿੱਤਾ ਸੀ। ਅਧਿਕਾਰੀਆਂ ਮੁਤਾਬਕ ਭਾਰਤੀ ਥਲ ਸੈਨਾ 50 (I) ਦੀ ਪੈਰਾ ਬ੍ਰਿਗੇਡ ਦੀ ਵਿਸ਼ੇਸ਼ ਬਚਾਅ ਟੀਮ ਨੂੰ ਵੀ ਮਿਆਂਮਾਰ ਲਈ ਰਵਾਨਾ ਕੀਤਾ ਗਿਆ ਹੈ, ਜਿਸ ਵਿੱਚ ਮੈਡੀਕਲ ਤੇ ਸੰਚਾਰ ਯੂਨਿਟਾਂ ਸਮੇਤ 118 ਮੁਲਾਜ਼ਮ ਸ਼ਾਮਲ ਹਨ ਜੋ ਸ਼ਨਿਚਰਵਾਰ ਰਾਤ ਨੂੰ ਮਿਆਂਮਾਰ ਪੁੱਜੀ।

Related posts

ਸਾਊਦੀ ਅਰਬ ਦੇ ਪ੍ਰਿੰਸ ਸਲਮਾਨ ‘ਤੇ ਇਲਜ਼ਾਮ, ਸਾਬਕਾ ਖੁਫੀਆ ਅਧਿਕਾਰੀ ਨੂੰ ਮਰਵਾਉਣ ਦਾ ਯਤਨ

On Punjab

ਪੰਜਾਬ ਦੇ ਲੋਕਾਂ ਦੀ ਸਮਰਪਣ ਭਾਵਨਾ ਨਾਲ ਸੇਵਾ ਕਰਨ ਲਈ ਪਰਮਾਤਮਾ ਤੋਂ ਮੰਗਿਆ ਆਸ਼ੀਰਵਾਦ

On Punjab

ਅਮਿਤ ਸ਼ਾਹ ਨੇ ਕੋਰੋਨਾ ਨੂੰ ਦਿੱਤੀ ਮਾਤ, ਖੁਦ ਕੀਤਾ ਟਵੀਟ

On Punjab