ਮਿਆਂਮਾਰ ‘ਚ ਫ਼ੌਜੀ ਤਖ਼ਤਾ ਪਲਟ ਖ਼ਿਲਾਫ਼ ਜਾਰੀ ਵਿਰੋਧ ਮੁਜ਼ਾਹਰੇ ਰੁਕਣ ਦਾ ਨਾਂ ਨਹੀਂ ਲੈ ਰਹੇ। ਕਈ ਤਰ੍ਹਾਂ ਦੀਆਂ ਸੁਰੱਖਿਆ ਪਾਬੰਦੀਆਂ ਤੇ ਸਖ਼ਤੀ ਦੇ ਬਾਵਜੂਦ ਲੋਕਤੰਤਰ ਸਮਰਥਕ ਸੜਕਾਂ ‘ਤੇ ਉਤਰ ਰਹੇ ਹਨ ਤੇ ਫ਼ੌਜੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਥਾਂ-ਥਾਂ ਅੱਗਾਂ ਲਗਾ ਕੇ ਰੋਹ ਪ੍ਰਗਟ ਕਰ ਰਹੇ ਹਨ।ਸਥਾਨਕ ਮੀਡੀਆ ਮੁਤਾਬਕ ਯੰਗੂਨ, ਮਾਂਡਲੇ, ਸਾਗਾਂਗ ਤੇ ਕਾਚਿਨ ਸੂਬੇ ‘ਚ ਐਤਵਾਰ ਨੂੰ ਵੀ ਸਥਾਨਕ ਲੋਕਾਂ ਨੇ ਵਿਰੋਧ ਮੁਜ਼ਾਹਰਾ ਕੀਤਾ। ਸਭ ਤੋਂ ਵੱਡਾ ਪ੍ਰਦਰਸ਼ਨ ਮਾਂਡਲੇ ‘ਚ ਹੋਇਆ ਕਿਉਂਕਿ ਉੱਥੇ ਸਿੱਖਿਆ ਖੇਤਰ ਦੇ ਨਾਲ ਹੀ ਵਿਦਿਆਰਥੀ ਯੂਨੀਅਨ ਵੀ ਹੜਤਾਲ ‘ਚ ਸ਼ਾਮਲ ਹੋਈਆਂ। ਇਸ ਦੌਰਾਨ ਮਿਲਟਰੀ ਨਿਊਜ਼ ਚੈਨਲ ਮੁਤਾਬਕ 20 ਹੋਰ ਸੈਲੇਬਿ੍ਟੀ ਖ਼ਿਲਾਫ਼ ਗਿ੍ਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਈ ਸੈਲੇਬਿ੍ਟੀ ਤੇ ਇੰਟਰਨੈੱਟ ਮੀਡੀਆ ਇੰਫਲੁਐੰਸਰ ਨੇ ਨਾ ਸਿਰਫ਼ ਤਖ਼ਤਾਪਲਟ ਦਾ ਵਿਰੋਧ ਕੀਤਾ ਬਲਕਿ ਆਨਲਾਈਨ ਪਲੇਟਫਾਰਮ ‘ਤੇ ਇਸ ਖ਼ਿਲਾਫ਼ ਵਿਚਾਰ ਵੀ ਪ੍ਰਗਟਾਏ ਹਨ। ਸ਼ੁੱਕਰਵਾਰ ਨੂੰ 18 ਮਸ਼ਹੂਰ ਹਸਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਤਖਤਾਪਲਟ ਖ਼ਿਲਾਫ਼ ਹੋ ਰਹੇ ਵਿਰੋਧ ਮੁਜ਼ਾਹਰਿਆਂ ‘ਤੇ ਫ਼ੌਜ ਵੱਡੀ ਕਾਰਵਾਈ ਕਰ ਰਹੀ ਹੈ। ਫ਼ੌਜ ਦੀ ਕਾਰਵਾਈ ‘ਚ ਹੁਣ ਤਕ 585 ਮੁਜ਼ਾਹਰਾਕਾਰੀਆਂ ਦੀ ਮੌਤ ਹੋ ਚੁੱਕੀ ਹੈ।
ਆਂਡਿਆਂ ਦੇ ਉੱਪਰ ਫ਼ੌਜ ਵਿਰੋਧੀ ਨਾਅਰੇ ਲਿਖ ਕੇ ਪ੍ਰਗਟਾਇਆ ਵਿਰੋਧ
ਮਿਆਂਮਾਰ ‘ਚ ਫ਼ੌਜ ਵੱਲੋਂ ਕੀਤੇ ਗਏ ਤਖ਼ਤਾਪਲਟ ਖ਼ਿਲਾਫ਼ ਐਤਵਾਰ ਨੂੰ ਲੋਕਤੰਤਰ ਸਮਰਥਕਾਂ ਨੇ ਈਸਟਰ ਐੱਗ ਸਟ੍ਰਾਈਕ ਕੀਤੀ। ਮੁਜ਼ਾਹਰਾਕਾਰੀਆਂ ਨੇ ਈਸਟਰ ਮੌਕੇ ਸਜਾਏ ਗਏ ਇਨ੍ਹਾਂ ਆਂਡਿਆਂ ‘ਤੇ ਫ਼ੌਜ ਵਿਰੋਧੀ ਨਾਅਰੇ ਲਿਖ ਰਹੇ ਸਨ। ਵਿਰੋਧ ਦੇ ਪ੍ਰਤੀਕ ਦੇ ਤੌਰ ‘ਤੇ ਇਨ੍ਹਾਂ ਆਂਡਿਆਂ ਨੂੰ ਨਾ ਸਿਰਫ਼ ਜਨਤਕ ਥਾਵਾਂ ‘ਤੇ ਰੱਖਿਆ ਗਿਆ ਬਲਕਿ ਇਨ੍ਹਾਂ ਤਸਵੀਰਾਂ ਨੂੰ ਇੰਟਰਨੈੱਟ ਮੀਡੀਆ ‘ਤੇ ਵੀ ਸਾਂਝਾ ਕੀਤਾ ਗਿਆ।