63.68 F
New York, US
September 8, 2024
PreetNama
ਸਮਾਜ/Social

ਮਿਆਂਮਾਰ ਦੀ ਫ਼ੌਜ ਨੇ ਮੁਜ਼ਾਹਰਾਕਾਰੀਆਂ ਨਾਲ ਖੇਡੀ ਖ਼ੂਨ ਦੀ ਹੋਲੀ, ਇਕ ਦਿਨ ‘ਚ 114 ਲੋਕਾਂ ਦੀ ਮੌਤ

 ਮਿਆਂਮਾਰ ਦੀ ਫ਼ੌਜ ਨੇ ਹਥਿਆਰਬੰਦ ਦਸਤਾ ਦਿਵਸ ਮੌਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਤੇ ਲੋਕਤੰਤਰ ਦੀ ਬਹਾਲੀ ਦੀ ਮੰਗ ਕਰ ਰਹੇ ਮੁਜ਼ਾਹਰਾਕਾਰੀਆਂ ਨਾਲ ਖ਼ੂਨ ਦੀ ਹੋਲੀ ਖੇਡੀ। ਦੇਸ਼ ਭਰ ‘ਚ ਕਈ ਥਾਵਾਂ ‘ਤੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਵਰ੍ਹਾਈਆਂ ਗਈਆਂ। ਇਕ ਦਿਨ 114 ਲੋਕਾਂ ਦੀ ਮੌਤ ਹੋ ਗਈ। ਇਸ ਦੱਖਣ ਪੂਰਬੀ ਏਸ਼ਿਆਈ ਦੇਸ਼ ‘ਚ ਫੌਜੀ ਤਖ਼ਤਾ ਪਲਟ ਤੋਂ ਬਾਅਦ ਸ਼ਨਿਚਰਵਾਰ ਸਭ ਤੋਂ ਜ਼ਿਆਦਾ ਖ਼ੂ-ਖ਼ਰਾਬੇ ਵਾਲਾ ਦਿਨ ਰਿਹਾ।

ਤਖ਼ਤਾ ਪਲਟ ਦੇ ਵਿਰੋਧ ‘ਚ ਇਕ ਫਰਵਰੀ ਤੋਂ ਜਾਰੀ ਪ੍ਰਦਰਸ਼ਨਾਂ ‘ਚ ਹੁਣ ਤਕ 400 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਮਿਆਂਮਾਰ ‘ਚ ਮੁਜ਼ਾਹਰਾਕਾਰੀਆਂ ‘ਤੇ ਸ਼ਨਿਚਰਵਾਰ ਨੂੰ ਜਦੋਂ ਗੋਲੀਆਂ ਵਰ੍ਹਾਈਆਂ ਜਾ ਰਹੀਆਂ ਸਨ ਤਾਂ ਉਸ ਸਮੇਂ ਰਾਜਧਾਨੀ ਨੇ ਪਾਈ ਤਾਅ ‘ਚ ਫ਼ੌਜੀ ਦਿਵਸ ਮੌਕੇ ਹੋਈ ਪਰੇਡ ਦੌਰਾਨ ਫੌਜੀ ਸ਼ਾਸਕ ਸੀਨੀਅਰ ਜਨਰਲ ਮਿਨ ਆਂਗ ਨੇ ਕਿਹਾ ਕਿ ਫ਼ੌਜ ਲੋਕਾਂ ਦੀ ਸੁਰੱਖਿਆ ਕਰੇਗੀ। ਸਰਕਾਰੀ ਟੈਲੀਵਿਜ਼ਨ ਨੇ ਸ਼ੁੱਕਰਵਾਰ ਨੂੰ ਆਗਾਹ ਕੀਤਾ ਸੀ ਕਿ ਪ੍ਰਦਰਸ਼ਨਕਾਰੀਆਂ ਨੂੰ ਗੋਲੀ ਮਾਰੀ ਜਾ ਸਕਦੀ ਹੈ। ਇਸ ਚਿਤਾਵਨੀ ਦੀ ਪਰਵਾਹ ਕੀਤੇ ਬਿਨਾਂ ਵੱਡੀ ਗਿਣਤੀ ‘ਚ ਮੁਜ਼ਾਹਰਾਕਾਰੀ ਯੰਗੂਨ ਤੇ ਮਾਂਡਲੇ ਸਮੇਤ ਦੋ ਦਰਜਨ ਤੋਂ ਜ਼ਿਆਦਾ ਸ਼ਹਿਰਾਂ ਦੀਆਂ ਸੜਕਾਂ ‘ਤੇ ਉਤਰ ਗਏ। ਮਿਆਂਮਾਰ ਨਾਓ ਨਿਊਜ਼ ਪੋਰਟਲ ਮੁਤਾਬਕ ਦੇਸ਼ ਭਰ ‘ਚ ਸੁਰੱਖਿਆ ਬਲਾਂ ਦੀ ਫਾਇਰਿੰਗ ‘ਚ 91 ਲੋਕਾਂ ਦੀ ਜਾਨ ਗਈ ਹੈ।

ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਯੰਗੂਨ ‘ਚ 24 ਲੋਕਾਂ ਦੀ ਮੌਤ ਹੋਈ ਹੈ। ਮਾਂਡਲੇ ‘ਚ ਪੰਜ ਸਾਲ ਦੇ ਇਕ ਬੱਚੇ ਸਮੇਤ 29 ਲੋਕ ਮਾਰੇ ਗਏ। ਇਸ ਦੌਰਾਨ ਫ਼ੌਜੀ ਸ਼ਾਸਨ ਵਿਰੋਧੀ ਸਮੂਹ ਸੀਆਰਪੀਐੱਚ ਦੇ ਬੁਲਾਰੇ ਡਾ. ਸਾਸਾ ਨੇ ਕਿਹਾ ਕਿ ਅੱਜ ਦਾ ਦਿਨ ਸ਼ਰਮ ਕਰਨ ਵਾਲਾ ਹੈ। ਮੱਧ ਮਿਆਂਮਾਰ ਦੇ ਮਿੰਗਯਾਨ ਸ਼ਹਿਰ ‘ਚ ਰਹਿਣ ਵਾਲੇ ਇਕ ਮੁਜ਼ਾਹਰਾਕਾਰੀ ਨੇ ਕਿਹਾ ਕਿ ਉਹ ਸਾਨੂੰ ਪੰਛੀਆਂ ਵਾਂਗ ਮਾਰ ਰਹੇ ਹਨ। ਇਸ ਦੇ ਬਾਵਜੂਦ ਅਸੀਂ ਸੰਘਰਸ਼ ਜਾਰੀ ਰੱਖਾਂਗੇ। ਦੂਜੇ ਪਾਸੇ, ਮਿਆਂਮਾਰ ‘ਚ ਯੂਰਪੀ ਯੂਨੀਅਨ (ਈਯੂ) ਦੇ ਨੁਮਾਇੰਦਗੀ ਵਫ਼ਦ ਨੇ ਕਿਹਾ ਕਿ ਇਸ ਦੇਸ਼ ਦੇ 76ਵੇਂ ਹਥਿਆਰਬੰਦ ਦਿਵਸ ਨੂੰ ਅੱਤਵਾਦ ਤੇ ਬੇਇੱਜ਼ਤੀ ਵਾਲੇ ਦਿਵਸ ਵਜੋਂ ਯਾਦ ਰੱਖਿਆ ਜਾਵੇਗਾ। ਬੱਚਿਆਂ ਸਮੇਤ ਨਿਹੱਥੇ ਲੋਕਾਂ ਦੀ ਹੱਤਿਆ ਕੀਤੀ ਜਾ ਰਹੀ ਹੈ।

ਫ਼ੌਜੀ ਪ੍ਰਸ਼ਾਸਨ ‘ਤੇ ਵੱਧ ਰਿਹਾ ਹੈ ਕੌਮਾਂਤਰੀ ਦਬਾਅ

ਮਿਆਂਮਾਰ ‘ਚ ਤਖ਼ਤਾ ਪਲਟ ਕਰ ਕੇ ਸੱਤਾ ‘ਤੇ ਕਾਬਜ਼ ਹੋਣ ਵਾਲੀ ਫ਼ੌਜ ‘ਤ ਕੌਮਾਂਤਰੀ ਦਬਾਅ ਵੱਧਦਾ ਜਾ ਰਿਹਾ ਹੈ। ਅਮਰੀਕਾ ਤੇ ਯੂਰਪੀ ਯੂਨੀਅਨ ਨੇ ਇਸ ਦੇਸ਼ ਦੀ ਫ਼ੌਜ ਦੇ ਉੱਚ ਅਧਿਕਾਰੀਆਂ ਤੇ ਫ਼ੌਜ ਨਾਲ ਜੁੜੀਆਂ ਕਈ ਕੰਪਨੀਆਂ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਹਾਲਾਂਕਿ ਚੀਨ ਨੇ ਮਿਆਂਮਾਰ ‘ਚ ਤਖ਼ਤਾ ਪਲਟ ਦਾ ਖੁੱਲ੍ਹ ਕੇ ਵਿਰੋਧ ਨਹੀਂ ਕੀਤਾ। ਇਹ ਮੰਨਿਆ ਜਾ ਰਿਹਾ ਹੈ ਕਿ ਮਿਆਂਮਾਰ ਦੀ ਫ਼ੌਜ ਨਾਲ ਉਸ ਦੇ ਨਜ਼ਦੀਕੀ ਸਬੰਧ ਹਨ।

ਹਿਰਾਸਤ ‘ਚ ਹੈ ਆਂਗ ਸਾਨ ਸੂ ਕੀ

ਫ਼ੌਜ ਬੀਤੀ ਇਕ ਫਰਵਰੀ ਨੂੰ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ (ਐੱਨਐੱਲਡੀ) ਦੀ ਸਰਕਾਰ ਦਾ ਤਖ਼ਤਾ ਪਲਟ ਕਰ ਕੇ ਸੱਤਾ ‘ਤੇ ਕਾਬਜ਼ ਹੋ ਗਈ। ਉਦੋਂ ਤੋਂ ਦੇਸ਼ ਦੀ ਸਰਬੋਤਮ ਨੇਤਾ ਆਂਗ ਸਾਨ ਸੂ ਕੀ ਸਮੇਤ ਕਈ ਵੱਡੇ ਨੇਤਾ ਹਿਰਾਸਤ ‘ਚ ਹਨ। ਫ਼ੌਜ ਨੇ ਆਂਗ ਸਾਨ ‘ਤੇ ਰਿਸ਼ਵਤ ਲੈਣ ਤੇ ਨਾਜਾਇਜ਼ ਤੌਰ ‘ਤੇ ਸੰਚਾਰ ਸਾਜੋ-ਸਾਮਾਨ ਦੀ ਦਰਾਮਦ ਕਰਨ ਦਾ ਦੋਸ਼ ਲਗਾਇਆ ਹੈ। ਫ਼ੌਜ ਨੇ ਕਿਹਾ ਸੀ ਕਿ ਬੀਤੇ ਨਵੰਬਰ ਹੋਈਆਂ ਚੋਣਾਂ ‘ਚ ਧਾਂਦਲੀ ਹੋਈ ਸੀ। ਇਸ ਕਾਰਨ ਉਹ ਸੱਤਾ ‘ਤੇ ਕਾਬਜ਼ ਹੋਈ ਹੈ।

Related posts

ਤੂੰ ਤੇ ਮੈ ਗਲ ਲੱਗ ਕੇ ਮਿਲੀਏ

Pritpal Kaur

ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ, ਨਿਊਜ਼ੀਲੈਂਡ ਨੇ ਭਾਰਤੀਆਂ ਦੇ ਆਉਣ ’ਤੇ 11 ਤੋਂ 28 ਅਪ੍ਰੈਲ ਤਕ ਲਾਈ ਰੋਕ

On Punjab

ਕਿਸਾਨਾਂ ਦੀ ਟਰੈਕਟਰ ਰੈਲੀ ‘ਤੇ SC ਨੇ ਕਿਹਾ- ਰਾਜਧਾਨੀ ‘ਚ ਕੌਣ ਆਵੇਗਾ, ਦਿੱਲੀ ਪੁਲਿਸ ਤੈਅ ਕਰੇ, ਅਗਲੀ ਸੁਣਵਾਈ ਬੁੱਧਵਾਰ ਨੂੰ

On Punjab