Online Fraud : ਪ੍ਰਸਿੱਧ ਐਥਲੀਟ ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਨਾਲ 99,000 ਰੁਪਏ ਦੀ ਆਨਲਾਈਨ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਨਗਰ ਨਿਗਮ ਨਾਲ ਆਪਣੇ ਕੁੱਤੇ ਦਾ ਨਾਂ ਰਜਿਸਟਰ ਕਰਵਾਉਣ ਲਈ ਉਨ੍ਹਾਂ ਨੇ ਗੂਗਲ ਸਰਚ–ਇੰਜਣ ਤੋਂ ਇਕ ਸੰਪਰਕ ਨੰਬਰ ਲੱਭਿਆ, ਜਿਥੇ ਗੱਲ ਕਰਨ ’ਤੇ ਵਿਅਕਤੀ ਨੇ ਉਨ੍ਹਾਂ ਤੋਂ ਗੱਲਾਂ-ਗੱਲਾਂ ਵਿਚ ਉਨ੍ਹਾਂ ਦੇ ਕ੍ਰੈਡਿਟ ਕਾਰਡ ਦੇ ਸਾਰੇ ਵੇਰਵੇ ਲੈ ਕੇ ਉਨ੍ਹਾਂ ਦੇ ਖਾਤੇ ਵਿਚੋਂ 99000 ਰੁਪਏ ਕਢਵਾ ਲਏ।
ਫਿਰ ਗੱਲੀਂ–ਬਾਤੀਂ ਧੋਖੇਬਾਜ਼ ਵਿਅਕਤੀ ਨੇ ਸ਼੍ਰੀਮਤੀ ਨਿਰਮਲ ਕੌਰ ਤੋਂ ਉਨ੍ਹਾਂ ਦੇ ਕ੍ਰੈਡਿਟ ਕਾਰਡ ਦੇ ਸਾਰੇ ਵੇਰਵੇ ਲੈ ਲਏ। ਫਿਰ OTP (ਵਨ–ਟਾਈਮ ਪਾਸਵਰਡ) ਵੀ ਆਇਆ, ਜੋ ਉਨ੍ਹਾਂ ਉਸ ਧੋਖੇਬਾਜ਼ ਵਿਅਕਤੀ ਨੂੰ ਦੱਸ ਦਿੱਤਾ। OTP ਦੱਸਦਿਆਂ ਹੀ ਉਨ੍ਹਾਂ ਦੇ ਫ਼ੋਨ ਉੱਤੇ ਟੈਕਸਟ ਮੈਸੇਜ ਆਇਆ ਕਿ ਉਨ੍ਹਾਂ ਦੇ ਖਾਤੇ ’ਚੋਂ 99,000 ਰੁਪਏ ਨਿਕਲ ਗਏ ਹਨ। ਉਨ੍ਹਾਂ ਕਿਹਾ ਕਿ ਉਸ ਹੈਕਰ ਨੇ ਦੁਬਾਰਾ ਮੈਨੂੰ ਇਕ OTP ਭੇਜਿਆ ਤੇ ਕਿਹਾ ਕਿ ਤੁਸੀਂ ਦੁਬਾਰਾ ਉਹ OTP ਦੱਸੋ ਤਾਂ ਤੁਹਾਡੇ ਪੈਸੇ ਵਾਪਿਸ ਤੁਹਾਡੇ ਅਕਾਊਂਟ ਵਿਚ ਆ ਜਾਣਗੇ, ਪਰ ਉਨ੍ਹਾਂ ਨੇ ਦੂਸਰੀ ਵਾਰ ਉਸ ਨੂੰ OTP ਨਹੀਂ ਦੱਸਿਆ। ਸ਼੍ਰੀਮਤੀ ਨਿਰਮਲ ਕੌਰ ਨੇ ਬੈਂਕ ਅਧਿਕਾਰੀਆਂ ਨੂੰ ਕਹਿ ਕੇ ਤੁਰੰਤ ਆਪਣਾ ਖਾਤਾ ਬਲਾਕ ਕਰਵਾਇਆ ਤੇ ਇਸ ਦੀ ਰਿਪੋਰਟ ਵੀ ਦਰਜ ਕਰਵਾ ਦਿੱਤੀ। ਇਸ ਬਾਰੇ ਸਾਈਬਰ ਸੈੱਲ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਠੱਗ ਦੇ ਨੰਬਰ ਦੀ ਅਤੇ ਖਾਤੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਜਿਸ ਵਿਚ ਪੈਸੇ ਟਰਾਂਸਪਫਰ ਹੋਏ ਹਨ। ਇਸ ਤਾਜ਼ਾ ਸਾਈਬਰ–ਧੋਖਾਧੜੀ ਦੀ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਸ਼ਹਿਰਾਂ ’ਚ ਡਾਢੀ ਚਰਚਾ ਹੈ।
ਇਸ ਬਾਰੇ ਦੱਸਦਿਆਂ ਸੈਕਟਰ-8 ਵਿਚ ਰਹਿਣ ਵਾਲੇ ਨਿਰਮਲ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਹੁਣੇ ਜਿਹੇ ਇਕ ਵਿਦੇਸ਼ੀ ਨਸਲ ਦਾ ਕੁੱਤਾ ਖਰੀਦਿਆ ਸੀ ਅਤੇ ਮੈਂ ਉਸ ਨੂੰ ਰਜਿਸਟਰ ਕਰਵਾਉਣਾ ਚਾਹੁੰਦੇ ਸੀ। ਉਨ੍ਹਾਂ ਨੇ ਗੂਗਲ ’ਤੇ ਸਰਚ ਕਰਕੇ ਕੁੱਤੇ ਦੀ ਰਜਿਸਟ੍ਰੇਸ਼ਨ ਦੇ ਵਿਭਾਗ ਦਾ ਸੰਪਰਕ ਨੰਬਰ ਵੈੱਬਸਾਈਟ ਤੋਂ ਨੋਟ ਕਰ ਲਿਆ। ਜਦੋਂ ਉਨ੍ਹਾਂ ਨੇ ਉਸ ਨੰਬਰ ’ਤੇ ਫੋਨ ਕੀਤਾ ਤਾਂ ਇਕ ਵਿਅਕਤੀ ਨੇ ਕੁੱਤੇ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਬਾਰੇ ਦੱਸਿਆ। ਉਨ੍ਹਾਂ ਅੱਗੇ ਦੱਸਿਆ ਕਿ ਉਸ ਨੇ ਆਪਣਾ ਨਾਂ ਰਾਮ ਕੁਮਾਰ ਦੱਸਿਆ। ਉਸ ਵਿਅਕਤੀ ਨੇ ਉਨ੍ਹਾਂ ਤੋਂ ਕਈ ਸੁਆਲ ਪੁੱਛੇ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਕੋਲ ਕਿੰਨੇ ਕੁੱਤੇ ਹਨ ਤੇ ਉਹ ਕਿਹੜੀ ਨਸਲ ਦੇ ਹਨ। ਫਿਰ ਉਸ ਵਿਅਕਤੀ ਨੇ ਕਿਹਾ ਕਿ ਰਜਿਸਟ੍ਰੇਸ਼ਨ ਫ਼ੀਸ 10 ਰੁਪਏ ਜਮ੍ਹਾ ਕਰਵਾਉਣੇ ਹੋਣਗੇ। ਰਾਮ ਕੁਮਾਰ ਨੇ ਯੂਪੀਆਈ ਰਾਹੀਂ ਫ਼ੀਸ ਜਮ੍ਹਾ ਕਰਨੀ ਚਾਹੀ ਪਰ ਅਜਿਹਾ ਸੰਭਵ ਨਾ ਹੋਇਆ।