ਜਸਟਿਸ ਐਨ ਵੀ ਰਮਾਨਾ ਦੇਸ਼ ਦੇ ਅਗਲੇ ਚੀਫ ਜਸਟਿਸ ਆਫ ਇੰਡੀਆ ਹੋਣਗੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਨਵੀ ਰਮਨਾ ਨੂੰ ਭਾਰਤ ਦੇ ਚੀਫ ਜਸਟਿਸ ਨਿਯੁਕਤ ਕੀਤਾ ਹੈ। ਉਹ ਆਪਣਾ ਚਾਰਜ 24 ਅਪ੍ਰੈਲ ਨੂੰ ਮੌਜੂਦਾ ਚੀਫ ਜਸਟਿਸ ਆਫ ਇੰਡੀਆ ਐਮ ਐਸ ਬੋਬੜੇ ਦੀ ਥਾਂ ਲੈਣਗੇ। ਜ਼ਿਕਰਯੋਗ ਹੈ ਕਿ ਜਸਟਿਸ ਬੋਬੜੇ 23 ਅਪ੍ਰੈਲ ਨੂੰ ਸੇਵਾਮੁਕਤ ਹੋ ਰਹੇ ਹਨ। ਜਸਟਿਸ ਰਮਾਨਾ ਦੀ ਸਿਫਾਰਸ਼ ਐਮ ਐਸ ਬੋਬੜੇ ਨੇ ਕੀਤੀ ਸੀ। ਉਹ ਦੇਸ਼ ਦੇ 48ਵੇਂ ਸੀਜੇਆਈ ਵਜੋਂ ਨਿਯੁਕਤ ਹੋਏ ਹਨ। ਉਹ ਬਤੌਰ ਸੀਜੇਆਈ 24 ਅਪ੍ਰੈਲ ਨੂੰ ਆਪਣਾ ਅਹੁਦਾ ਸੰਭਾਲਣਗੇ ਅਤੇ 26 ਅਗਸਤ 2022 ਨੂੰ ਸੇਵਾਮੁਕਤ ਹੋਣਗੇ।ਦੱਸਣਯੋਗ ਹੈ ਕਿ ਜਸਟਿਸ ਰਮਾਨਾ ਇਕ ਬਹੁਤ ਹੀ ਆਮ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਪਿੰਡ ਪੋਨਾਵਰਮ ਵਿਚ 27 ਅਗਸਤ 1957 ਨੂੰ ਜਨਮੇ ਜਸਟਿਸ ਰਮੰਨਾ ਨੇ ‘ENadu’ ਅਖਬਾਰ ਵਿਚ ਬਤੌਰ ਪੱਤਰਕਾਰ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਵਿਗਿਆਨ ਵਿਸ਼ੇ ਵਿਚ ਗ੍ਰੈਜੂਏਸ਼ਨ ਪੂਰੀ ਹੋਣ ਤੋਂ ਬਾਅਦ 1979 ਤੋਂ 1980 ਦੋ ਸਾਲ ਪੱਤਰਕਾਰੀ ਕੀਤੀ।
ਉਨ੍ਹਾਂ ਨੇ ਲੀਗਲ ਪ੍ਰੋਫੈਸ਼ਨ ਦੀ ਸ਼ੁਰੂਆਤ 10 ਫਰਵਰੀ 1983 ਨੂੰ ਬਤੌਰ ਐਡਵੋਕੇਟ ਕੀਤੀ ਅਤੇ ਆਂਧਰਾ ਪ੍ਰਦੇਸ਼ ਦੇ ਹਾਈ ਕੋਰਟ, ਸੈਂਟਰਲ ਅਤੇ ਐਡਮਿਨਸਟ੍ਰੇਟਿਵ ਟ੍ਰਿਊਨਲ ਅਤੇ ਸੁਪਰੀਮ ਕੋਰਟ ਵਿਚ ਸਿਵਲ, ਕ੍ਰਿਮੀਨਲ, ਸੰਵਿਧਾਨਕ, ਲੇਬਰ, ਸਰਵਿਸ ਅਤੇ ਇਲੈਕਸ਼ਨ ਦੇ ਮੁੱਦਿਆਂ ’ਤੇ ਕੇਸ ਲੜੇ।
ਉਨ੍ਹਾਂ ਨੂੰ ਸੰਵਿਧਾਨਕ, ਕ੍ਰਿਮੀਨਲ ਕੇਸਾਂ ਦੀ ਮੁਹਾਰਤ ਹੈ। ਉਹ ਆਂਧਰਾ ਪ੍ਰਦੇਸ਼ ਦੇ ਐਡੀਸ਼ਨਲ ਐਡਵੋਕੇਟ ਜਨਰਲ ਵੀ ਰਹੇ।
ਸਾਲ 2000 ਵਿਚ ਉਨ੍ਹਾਂ ਦੀ ਨਿਯੁਕਤੀ ਹਾਈਕੋਰਟ ਦੇ ਜੱਜ ਵਜੋਂ ਹੋਈ ਤੇ ਸਤੰਬਰ 2, 2013 ਨੂੰ ਦਿੱਲੀ ਹਾਈਕੋਰਟ ਦੇ ਚੀਫ ਜਸਟਿਸ ਨਿਯੁਕਤ ਹੋਏ। ਫਰਵਰੀ,17, 2014 ਵਿਚ ਉਹ ਸੁਪਰੀਮ ਕੋਰਟ ਦੇ ਜੱਜ ਚੁਣੇ ਗਏ।
ਜਸਟਿਸ ਰਮਾਨਾ ਨੂੰ ਕਾਨੂੰਨੀ ਹਲਕਿਆਂ ਵਿਚ ਇਕ ਕੰਜ਼ਰਵੇਟਿਵ ਜੱਜ ਵੱਜੋਂ ਦੇਖਿਆ ਜਾਂਦਾ ਹੈ। ਉਹ ਕੇਸਾਂ ਸੁਣਵਾਈ ਦੌਰਾਨ ਜ਼ਿਆਦਾ ਨਿਗਰਾਨੀ ਕਰਨਾ ਪਸੰਦ ਨਹੀਂ ਕਰਦੇ।