ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਫੂਡ ਸੇਫ਼ਟੀ ਵੈਨ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਪਹੁੰਚੀ ਜਿਸ ਨੂੰ ਡਾ: ਸੁਰਿੰਦਰ ਕੁਮਾਰ, ਸਿਵਲ ਸਰਜਨ, ਫ਼ਿਰੋਜ਼ਪੁਰ ਵੱਲੋਂ ਅੱਜ ਪਿੰਡੀ ਅਟਾਰੀ ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਵੈਨ ਵਿੱਚ ਖਾਣ-ਪੀਣ ਵਾਲੀਆਂ ਵਸਤੂਆਂ ਮੌਕੇ ਤੇ ਹੀ ਟੈੱਸਟ ਕੀਤੀਆਂ ਜਾ ਸਕਣਗੀਆਂ ਅਤੇ ਮੌਕੇ ਤੇ ਹੀ ਰਿਪੋਰਟ ਵੀ ਦਿੱਤੀ ਜਾਵੇਗੀ ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਾ: ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਵੈਨ ਅਟਾਰੀ ਤੋਂ ਫ਼ਿਰੋਜ਼ਪੁਰ ਸ਼ਹਿਰ, ਖਾਈ, ਮਮਦੋਟ, ਗੁਰੂਹਰਸਹਾਏ, ਮੁਦਕੀ, ਤਲਵੰਡੀ, ਜ਼ੀਰਾ, ਮੱਖੂ, ਮੱਲਾਵਾਲਾ, ਫ਼ਿਰੋਜ਼ਪੁਰ ਕੈਟ, ਅਤੇ ਹੋਰ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਾਫ਼-ਸੁਥਰਾ ਖਾਣ ਅਤੇ ਸ਼ੁੱਧ ਖਾਣ ਬਾਰੇ ਜਾਗਰੂਕ ਕਰੇਗੀ ਅਤੇ ਨਾਲ ਹੀ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਲੈ ਕੇ ਮੌਕੇ ਤੇ ਹੀ ਵੈਨ ਵਿੱਚ ਟੈੱਸਟ ਕਰਕੇ ਰਿਪੋਰਟਾਂ ਦਿੱਤੀਆਂ ਜਾਣਗੀਆਂ ।
ਉਨ੍ਹਾਂ ਕਿਹਾ ਕਿ ਤੰਦਰੁਸਤ ਰਹਿਣ ਲਈ ਸਾਫ਼ ਸੁਥਰੀਆਂ ਵਸਤੂਆਂ ਹੀ ਖਾਣ-ਪੀਣ ਲਈ ਇਸਤੇਮਾਲ ਕੀਤੀਆਂ ਜਾਣ। ਉਨ੍ਹਾਂ ਹਲਵਾਈਆਂ ਅਤੇ ਹੋਰ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਸ਼ੁੱਧ ਅਤੇ ਮਿਆਰੀ ਵਸਤੂਆਂ ਹੀ ਖਾਣ ਲਈ ਦੇਣ। ਉਨ੍ਹਾਂ ਦੋਧੀਆਂ ਅਤੇ ਡੇਅਰੀ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਮਿਆਰੀ ਅਤੇ ਸ਼ੁੱਧ ਦੁੱਧ ਹੀ ਲੋਕਾਂ ਨੂੰ ਵੇਚਿਆ ਜਾਵੇ। ਇਸ ਮੌਕੇ ਤੇ ਮਨਜਿੰਦਰ ਸਿੰਘ ਢਿੱਲੋਂ ਐਫ.ਐਸ.ਓ, ਸੁਖਮੰਦਰ ਸਿੰਘ ਬਰਾੜ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਸੁਖਚੈਨ ਸਿੰਘ ਸਟੈਨੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਦਾ ਸਟਾਫ਼ ਅਤੇ ਪਿੰਡ ਵਾਸੀ ਹਾਜ਼ਰ ਸਨ।