ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿਖੇ ‘ਸਾਊਥ ਈਸਟ ਏਸ਼ੀਅਨ ਪੇਜੀਐਂਟ’ ਦੀ ਟੀਮ ਵੱਲੋਂ ‘ਮਿਸ ਐਂਡ ਮਿਸਿਜ਼ ਪੰਜਾਬਣ ਸੈਂਟਰਲ ਵੈਲੀ ਕੈਲੀਫੋਰਨੀਆ 2021’ ਦੇ ਦਿਲਕਸ਼ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਕਈ ਤਰ੍ਹਾਂ ਸਭਿਆਚਾਰਕ ਪੇਸ਼ਕਾਰੀਆਂ ਨਾਲ ਸਟੇਜ ’ਤੇ ਪੰਜਾਬੀਅਤ ਦੇ ਵੱਖਰੇ-ਵੱਖਰੇ ਰੰਗ ਨਜ਼ਰ ਆਏ। ਵਿਦੇਸ਼ੀ ਧਰਤੀ ’ਤੇ ਪੰਜਾਬੀ ਹੁਸਨ ਦਾ ਜਲਵਾ ਡੁੱਲ ਡੁਲ ਪੈ ਰਿਹਾ ਰਿਹਾ ਸੀ।
ਮੁਕਾਬਲੇ ਦੌਰਾਨ ਜੋਤਨ ਕੌਰ ਗਿੱਲ, ਰਜਵੰਤ ਰਾਜੀ, ਡਾ. ਜੀਨਾ ਬਰਾਡ਼, ਜਸਪ੍ਰੀਤ ਕੌਰ ਸੰਘਾ, ਡਾ. ਮੋਨਿਕਾ ਚਾਹਲ ਤੋਂ ਇਲਾਵਾ ਨੀਟਾ ਮਾਛੀਕੇ, ਕਮਲ ਕੌਰ ਤੇ ਕੁਲਵੰਤ ਧਾਲੀਆਂ ਨੇ ਜੱਜ ਦੀ ਭੂਮਿਕਾ ਨਿਭਾਈ। ਜਦਕਿ ਬੇ-ਏਰੀਆਂ ਤੋਂ ਸੱਭਿਆਚਾਰਕ ਸਰਗਰਮੀਆਂ ’ਚ ਪਛਾਣ ਬਣਾ ਚੁੱਕੇ ਅਦਾਕਾਰ-ਨਿਰਦੇਸ਼ਕ ਤੇ ਭੰਗਡ਼ਾ ਕਿੰਗ ਮਨਦੀਪ ਜਗਰਾਓਂ ਵਿਸ਼ੇਸ਼ ਤੌਰ ’ਤੇ ਪੁੱਜੇ। ਪ੍ਰੋਗਰਾਮ ਦੀ ਸ਼ੁਰੂਆਤ ਟੀਵੀ ਹੋਸਟ ਗਿੱਲ ਪਰਦੀਪ ਨੇ ਸ਼ਾਇਰਾਨਾ ਅੰਦਾਜ਼ ’ਚ ਸਭਨਾਂ ਨੂੰ ਨਿੱਘੀ ਜੀ ਆਇਆ ਕਹਿੰਦਿਆਂ ਕੀਤੀ। ਉਪਰੰਤ ਬੱਚਿਆਂ ਭੰਗਡ਼ੇ ਦੀ ਪੇਸ਼ਕਾਰੀ ਦਿੱਤੀ।
ਇਸ ਮੌਕੇ ਮਿਸ ਤੇ ਮਿਸਿਜ ਪੰਜਾਬਣ ਮੁਕਾਬਲੇ ’ਚ ਹਿੱਸਾ ਲੈਣ ਵਾਲੀਆਂ ਮੁਟਿਆਰਾਂ ਪੂਰੀ ਤਰ੍ਹਾਂ ਸਜ ਕੇ ਪਹੁੰਚੀਆਂ ਹੋਈਆਂ ਸਨ। ਮੁਕਾਬਲੇ ਦੀ ਸ਼ੁਰੂਆਤ ਰੈਂਪ ਵਾਕ ਨਾਲ ਹੋਈ। ਇਸ ਮੌਕੇ ਮਾਵਾਂ ਤੇ ਬੱਚਿਆਂ ਨੇ ਵੀ ਵਾਕ ਕੀਤਾ। ਉਪਰੰਤ ਟੇਲੈਂਟ ਰਾਊਂਡ ਬਡ਼ੇ ਵੱਖਰੇ ਅੰਦਾਜ ’ਚ ਹੋਇਆ। ਡਾਂਸ ਰਾਊਂਡ ’ਚ ਦਰਸ਼ਕਾਂ ਨੂੰ ਖੂਬ ਤਾਡ਼ੀਆਂ ਮਾਰ ਕੇ ਮੁਟਿਆਰਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਇਹ ਸ਼ਾਇਦ ਪਹਿਲਾ ਮੁਕਾਬਲਾ ਸੀ ਜਿੱਥੇ ਜੋਟਿਆਂ ’ਚ ਮਿਸ ਤੇ ਮਿਸਿਜ ਪੰਜਾਬਣ ਚੁਣੀਆਂ ਗਈਆ। ਮਿਸਿਜ ਪੰਜਾਬਣ ਮੁਕਾਬਲੇ ’ਚ ਕਮਲਜੀਤ ਧਾਲੀਵਾਲ ਤੇ ਸੋਨੀਆ ਨੇ ਪਹਿਲਾ ਸਥਾਨ ਹਾਸਲ ਕੀਤਾ।
ਨਵਦੀਪ ਕੌਰ ਤੇ ਪ੍ਰਵੀਨ ਨੂੰ ਦੂਸਰਾ ਸਥਾਨ ਪ੍ਰਾਪਤ ਹੋਇਆ ਜਦੋਕਿ ਹਰਜੀਤ ਕੌਰ ਤੇ ਹਰਮਨ ਕੌਰ ਤੀਸਰੇ ਸਥਾਨ ’ਤੇ ਆਈਆਾਂ। ਮਿਸ ਪੰਜਾਬਣ ਮੁਕਾਬਲੇ ਦੌਰਾਨ ਸਿਮਰਤ ਕੌਰ ਪਹਿਲੇ ਸਥਾਨ ’ਤੇ ਰਹੀ ਕ੍ਰਮਵਾਰ ਜਸਮੀਨ ਕੌਰ ਦੂਸਰੇ ਅਤੇ ਗੁਰਜੀਵਨ ਕੌਰ ਤੀਸਰੇ ਸਥਾਨ ’ਤੇ ਰਹੀਆਂ। ਇਸ ਮੌਕੇ ਬੈਸਟ ਡਾਂਸ ਦਾ ਐਵਾਰਡ ਜਸਲੀਨ ਥਾਂਦੀ, ਬੈਸਟ ਵਾਕ ਅਰਲੀਨ ਸੋਢੀ, ਬੈਸਟ ਸਿੰਗਰ ਰਾਜਵਿੰਦਰ ਕੌਰ, ਬੈਸਟ ਸਮਾਈਲ ਕੇਸੀ ਤੇ ਬੈਸਟ ਕਾਨਫੀਡੈਂਸ ਐਵਾਰਡ ਪ੍ਰਭਜੋਤ ਕੌਰ ਨੂੰ ਦਿੱਤਾ ਗਿਆ। ਇਸ ਸਮੇਂ ਮੈਨਟੀਕਾ ਸ਼ਹਿਰ ਤੋਂ ‘ਮਿਸ ਮੈਨਟੀਕਾ-2021’ ਜੇਤੂ ਲਡ਼ਕੀ ਅਰਵੀਨ ਵਿਰਦੀ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ ਸੰਚਾਲਨ ਆਸ਼ਾ ਸ਼ਰਮਾਂ ਨੇ ਕੀਤਾ। ਜਦਕਿ ਪ੍ਰਬੰਧਕਾਂ ’ਚੋਂ ਕੁਲਵੀਰ ਕੌਰ ਸੇਖੋ ਨੇ ਵੀ ਸਟੇਜ ਤੋਂ ਹਾਜਰੀ ਭਰੀ। ਇਸ ਸਮਾਗਮ ਨੂੰ ਕਾਮਯਾਬ ਬਣਾਉਣ ਦਾ ਸਿਹਰਾ ਕੁਲਵੀਰ ਕੌਰ ਸੇਖੋ, ਨਵਕੀਰਤ ਚੀਮਾ, ਜੋਤਨ ਗਿੱਲ, ਕੁਲਦੀਪ ਕੌਰ ਸੀਰਾ, ਰਾਜ ਸਿੱਧੂ ਮਾਨ ਤੇ ਸਮੂੰਹ ਸਹਿਯੋਗੀਆਂ ਦੇ ਸਿਰ ਜਾਂਦਾ ਹੈ।