ਇਥੋਂ ਦੇ ਬਲਟਾਣਾ ਖੇਤਰ ਅਧੀਨ ਆਉਂਦੀ ਮਾਡਰਨ ਐਨਕਲੇਵ ਵਾਸੀ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਲੋਨੀ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਨਗਰ ਕੌਂਸਲ ਵੱਲੋਂ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਵਿਛਾਈ ਹੈ ਪਰ ਉਹ ਕਾਫੀ ਨੀਂਵੀ ਹੈ ਜਿਸ ਕਾਰਨ ਦੂਸ਼ਿਤ ਨਾਲੇ ਦਾ ਗੰਦਾ ਪਾਣੀ ਕਲੋਨੀ ਵਿੱਚ ਵਾਪਸ ਦਾਖ਼ਲ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਮੀਂਹ ਦੌਰਾਨ ਕਲੋਨੀ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਮਹਣਾ ਕਰਨਾ ਪੈ ਰਿਹਾ ਹੈ। ਇਹ ਸਮੱਸਿਆ ਹੱਲ ਨਾ ਹੋਣ ’ਤੇ ਕਲੋਨੀ ਦੀਆਂ ਵੱਡੀ ਤਾਦਾਦ ਵਿੱਚ ਔਰਤਾਂ ਨੇ ਇਕੱਤਰ ਹੋ ਕੇ ਅੱਜ ਨਗਰ ਕੌਂਸਲ ਖ਼ਿਲਾਫ਼ ਖ਼ਿਲਾਫ਼ ਰੋਸ ਜ਼ਾਹਿਰ ਕੀਤਾ।
ਕਲੋਨੀ ਵਾਸੀਆਂ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਉਨ੍ਹਾਂ ਦੀ ਕਲੋਨੀ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਣੀ ਹੋਈ ਹੈ। ਇਸ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਵੱਲੋਂ ਇਥੇ ਪਾਈਪ ਲਾਈਨ ਵਿਛਾਈ ਗਈ ਸੀ ਜਿਸਨੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਨ ਦੀ ਥਾਂ ਹੋਰ ਵਧਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਾਈਪ ਲਾਈਨ ਕਾਫੀ ਨੀਵੀਂ ਹੈ ਜਿਸ ਕਾਰਨ ਪਾਣੀ ਨਿਕਾਸ ਹੋਣ ਦੀ ਥਾਂ ਗੰਦੇ ਨਾਲੇ ਦਾ ਪਾਣੀ ਉਲਟਾ ਉਨ੍ਹਾਂ ਦੀ ਕਲੋਨੀ ਵਿੱਚ ਦਾਖ਼ਲ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਮੀਂਹ ਦੌਰਾਨ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਲੋਨੀ ਵਿੱਚ ਦੂਸ਼ਿਤ ਪਾਣੀ ਭਰ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾ ਮੀਂਹ ਪੈਣ ਕਾਰਨ ਪਾਣੀ ਘਰਾਂ ਵਿੱਚ ਦਾਖ਼ਲ ਹੋ ਜਾਂਦਾ ਹੈ। ਇਹ ਦੂਸ਼ਿਤ ਪਾਣੀ ਪੀਣ ਵਾਲੇ ਪਾਣੀ ਵਿੱਚ ਰਲ ਜਾਂਦਾ ਹੈ ਜਿਸ ਕਾਰਨ ਇਥੇ ਬਿਮਾਰੀ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਕਲੋਨੀ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਾਣੀ ਦੀ ਨਿਕਾਸੀ ਤੋਂ ਇਲਾਵਾ ਇਥੇ ਬਿਜਲੀ ਦੀ ਸਮੱਸਿਆ ਵੀ ਬਣੀ ਹੋਈ ਹੈ। ਇਥੇ ਵਸੋਂ ਦੇ ਹਿਸਾਬ ਨਾਲ ਬਿਜਲੀ ਦਾ ਲੋਡ ਘੱਟ ਹੈ ਜਿਸ ਕਾਰਨ ਵਾਰ ਵਾਰ ਬਿਜਲੀ ਗੁੱਲ ਹੁੰਦੀ ਰਹਿੰਦੀ ਹੈ। ਬਿਜਲੀ ਦਾ ਲੋਡ ਘੱਟ ਹੋਣ ਕਾਰਨ ਲੋਕਾਂ ਦੇ ਬਿਜਲੀ ਉਪਕਰਨ ਨਹੀਂ ਚੱਲਦੇ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਲੋਨੀ ਵਾਸੀਆਂ ਨੇ ਇਸ ਸਮੱਸਿਆਵਾਂ ਦਾ ਹੱਲ ਕਰਨ ਦੀ ਮੰਗ ਕੀਤੀ ਹੈ।