ਸਾਬਕਾ ਵਿਸ਼ਵ ਚੈਂਪੀਅਨ ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂੰ ਨੇ ਸ਼ਨਿਚਰਵਾਰ ਨੂੰ ਏਸ਼ੀਅਨ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਲੀਨ ਐਂਡ ਜਰਕ ਵਿਚ 49 ਕਿਲੋਗ੍ਰਾਮ ਵਿਚ ਵਿਸ਼ਵ ਰਿਕਾਰਡ ਬਣਾਇਆ ਤੇ ਨਾਲ ਹੀ ਕਾਂਸੇ ਦਾ ਮੈਡਲ ਆਪਣੇ ਨਾਂ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਟੋਕੀਓ ਓਲੰਪਿਕ ਲਈ ਵੀ ਕੁਆਲੀਫਾਈ ਕੀਤਾ। ਚਾਨੂੰ ਨੇ ਆਪਣਾ ਰਾਸ਼ਟਰੀ ਰਿਕਾਰਡ ਵੀ ਬਿਹਤਰ ਕੀਤਾ। 26 ਸਾਲ ਦੀ ਚਾਨੂੰ ਨੇ ਸਨੈਚ ਵਿਚ 86 ਕਿਲੋਗ੍ਰਾਮ ਦਾ ਭਾਰ ਚੁੱਕਿਆ ਤੇ ਕਲੀਨ ਐਂਡ ਜਰਕ ਵਿਚ 119 ਕਿਲੋਗ੍ਰਾਮ ਦਾ ਭਾਰ ਚੁੱਕ ਕੇ ਵਿਸ਼ਵ ਰਿਕਾਰਡ ਬਣਾਇਆ। ਉਨ੍ਹਾਂ ਨੇ ਕੁੱਲ 205 ਕਿਲੋਗ੍ਰਾਮ ਦਾ ਭਾਰ ਚੁੱਕਦੇ ਹੋਏ ਕਾਂਸੇ ਦਾ ਮੈਡਲ ਹਾਸਲ ਕੀਤਾ। ਇਸ ਤੋਂ ਪਹਿਲਾਂ ਕਲੀਨ ਐਂਡ ਜਰਕ ਵਿਚ ਵਿਸ਼ਵ ਰਿਕਾਰਡ 118 ਕਿਲੋਗ੍ਰਾਮ ਦਾ ਸੀ। 49 ਕਿਲੋਗ੍ਰਾਮ ਵਿਚ ਮੀਰਾਬਾਈ ਦਾ ਸਰਬੋਤਮ ਨਿੱਜੀ ਸਕੋਰ 203 ਕਿਲੋਗ੍ਰਾਮ (88 + 115 ਕਿਲੋਗ੍ਰਾਮ) ਦਾ ਸੀ ਜੋ ਉਨ੍ਹਾਂ ਨੇ ਪਿਛਲੇ ਸਾਲ ਫਰਵਰੀ ਵਿਚ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਬਣਾਇਆ ਸੀ।