ਸ੍ਰੀ ਮੁਕਤਸਰ ਸਾਹਿਬ-ਇਥੇ ਮੁਕਤਸਰ ਮਲੋਟ ਮੁੱਖ ਮਾਰਗ ਉੱਪਰ ਅੱਜ ਦੁਪਹਿਰੇ ਪਿੰਡ ਮਹਿਰਾਜ ਵਾਲਾ ਕੋਲ ਟਰੱਕ ਦੀ ਫੇਟ ਵੱਜਣ ਕਰਕੇ ਪੰਜਾਬ ਰੋਡਵੇਜ਼ ਦੀ ਬੱਸ ਸੜਕ ਕੱਢੇ ਖਤਾਨਾਂ ਵਿਚ ਪਲਟ ਗਈ। ਬੱਸ ਮੁਕਤਸਰ ਤੋਂ ਮਲੋਟ ਵੱਲ ਜਾ ਰਹੀ ਸੀ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਈ ਸਵਾਰੀਆਂ ਦੇ ਸੱਟਾਂ ਲੱਗੀਆਂ ਹਨ। ਬੱਸ ਨੂੰ ਕਥਿਤ ਫੇਟ ਮਾਰਨ ਵਾਲੇ ਟਰੱਕ ਦੇ ਡਰਾਈਵਰ ਨੂੰ ਲੋਕਾਂ ਨੇ ਕਾਬੂ ਕਰ ਲਿਆ ਤੇ ਇਸ ਦੌਰਾਨ ਉਸ ਨਾਲ ਖਿੱਚ-ਧੂਹ ਵੀ ਕੀਤੀ।