ਮੁੰਬਈ- ਮੁੰਬਈ-ਅਹਿਮਦਾਬਾਦ ਨੈਸ਼ਨਲ ਹਾਈਵੇਅ ‘ਤੇ ਇਕ ਕਾਰ ਨੇ ਸੜਕ ਦੇ ਇਕ ਹਿੱਸੇ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਉਹ ਹਵਾ ‘ਚ ਕਰੀਬ 25 ਫੁੱਟ ਉੱਛਲ ਗਈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਤੇਜ਼ ਰਫਤਾਰ ਸਵਿਫਟ ਕਾਰ ਕਾਫੀ ਦੂਰੀ ਤੈਅ ਕਰਨ ਤੋਂ ਬਾਅਦ ਅਚਾਨਕ ਹਵਾ ‘ਚ ਛਾਲ ਮਾਰ ਕੇ ਜ਼ਮੀਨ ‘ਤੇ ਜਾ ਡਿੱਗੀ।ਇਹ ਘਟਨਾ ਮਹਾਰਾਸ਼ਟਰ ਦੇ ਪਾਲਘਰ ਨੇੜੇ ਵਾਪਰੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਕਾਰ ਗੁਜਰਾਤ ਤੋਂ ਮੁੰਬਈ ਜਾ ਰਹੀ ਸੀ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਾਰ ਕਾਫੀ ਤੇਜ਼ ਰਫਤਾਰ ‘ਚ ਸੀ। ਅਚਾਨਕ ਕਾਰ ਸੜਕ ਦੇ ਇੱਕ ਉੱਚੇ ਹਿੱਸੇ ਤੋਂ ਲੰਘਦੀ ਹੈ ਅਤੇ ਛਾਲ ਮਾਰਦੀ ਹੈ। ਹਾਲਾਂਕਿ ਖੁਸ਼ਕਿਸਮਤੀ ਨਾਲ ਕਾਰ ਸੁਰੱਖਿਅਤ ਅੱਗੇ ਵਧ ਗਈ ਅਤੇ ਕੋਈ ਹਾਦਸਾ ਨਹੀਂ ਵਾਪਰਿਆ।
ਡਰਾਈਵਰ ਦੀ ਬਚ ਗਈ ਜਾਨ-ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਘਟਨਾ ‘ਚ ਵਾਲ-ਵਾਲ ਬਚ ਗਿਆ ਅਤੇ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਘਟਨਾ ‘ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਹਾਈਵੇ ‘ਤੇ ਬਿਨਾਂ ਚਿਤਾਵਨੀ ਦੇ ਬਣਾਏ ਜਾ ਰਹੇ ਰੈਂਪ ‘ਤੇ ਨਾਰਾਜ਼ਗੀ ਜਤਾਈ ਹੈ। ਉਪਭੋਗਤਾਵਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਲੋਕਾਂ ਦੀ ਜਾਨ ਖ਼ਤਰੇ ਵਿੱਚ ਹੈ।
ਠਾਣੇ ਵਿੱਚ ਰੇਤ ਨਾਲ ਭਰੇ ਟਰੱਕ ਦਾ ਹਾਦਸਾ-ਇੱਕ ਹੋਰ ਘਟਨਾ ਵਿੱਚ, ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਤੜਕੇ ਰੇਤ ਨਾਲ ਭਰੇ ਇੱਕ ਟਰੱਕ ਨੇ ਇੱਕ ਹੋਰ ਮਾਲ ਗੱਡੀ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਮਾਚਾਰ ਏਜੰਸੀ ਪੀਟੀਆਈ ਨੇ ਠਾਣੇ ਨਗਰ ਨਿਗਮ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਇਹ ਹਾਦਸਾ ਮੁੰਬਰਾ ਬਾਈਪਾਸ ਰੋਡ ‘ਤੇ ਟੋਲ ਬੂਥ ਨੇੜੇ ਸਵੇਰੇ 4.45 ਵਜੇ ਦੇ ਕਰੀਬ ਵਾਪਰਿਆ।ਹਾਦਸੇ ਤੋਂ ਬਾਅਦ ਕਰੀਬ ਇੱਕ ਘੰਟੇ ਤੱਕ ਆਵਾਜਾਈ ਠੱਪ ਰਹੀ। ਅਧਿਕਾਰੀ ਨੇ ਦੱਸਿਆ ਕਿ ਇਹ ਟਰੱਕ 28 ਟਨ ਰੇਤ ਲੈ ਕੇ ਗੁਜਰਾਤ ਤੋਂ ਰਾਏਗੜ੍ਹ ਜ਼ਿਲ੍ਹੇ ਦੇ ਕਰਜਤ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਡਰਾਈਵਰ ਰਿਆਜ਼ ਅਹਿਮਦ (48) ਟਰੱਕ ‘ਤੇ ਕਾਬੂ ਗੁਆ ਬੈਠਾ ਅਤੇ ਟਰੱਕ ਢਲਾਨ ‘ਤੇ ਦੂਜੇ ਵਾਹਨ ਨਾਲ ਟਕਰਾ ਗਿਆ।