ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਭਜਨ ਗਾਇਕ ਲਖਵਿੰਦਰ ਸੁਰਜੀਤ ਸਿੰਘ (45 ਸਾਲਾ) ‘ਤੇ ਨਵੀਂ ਮੁੰਬਈ ‘ਚ ਜਾਨਲੇਵਾ ਹਮਲਾ ਹੋਇਆ ਹੈ। ਇਸ ਸਬੰਧੀ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਲਖਵਿੰਦਰ ਸੁਰਜੀਤ ਸਿੰਘ ‘ਤੇ ਸ਼ੁੱਕਰਵਾਰ ਸ਼ਾਮ ਨੂੰ ਵਾਸ਼ੀ ਦੇ ਪਨਵੇਲ-ਸਿਆਣ ਰੋਡ ‘ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਮੁੰਬਈ ਏਅਰਪੋਰਟ ਜਾ ਰਿਹਾ ਸੀ।
ਮੁਲਜ਼ਮਾਂ ਨੇ ਉਨ੍ਹਾਂ ਦੀ ਗੱਡੀ ਰੋਕ ਕੇ ਉਨ੍ਹਾਂ ’ਤੇ ਲੋਹੇ ਦੀਆਂ ਰਾਡਾਂ ਅਤੇ ਦਾਤਰੀਆਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਗਾਇਕ ਗੰਭੀਰ ਜ਼ਖ਼ਮੀ ਹੋ ਗਿਆ ਹੈ। ਲਖਵਿੰਦਰ 2017 ਵਿੱਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਦਾ ਸਮਰਥਨ ਕਰ ਰਿਹਾ ਸੀ। ਇਸ ਤੋਂ ਦੋਸ਼ੀ ਨਾਰਾਜ਼ ਸਨ।
ਪੁਲਿਸ ਨੇ ਕਿਹਾ ਕਿ ਅਸੀਂ ਘਟਨਾ ਦੀ ਜਾਂਚ ਕਰ ਰਹੇ ਹਾਂ। ਦੋ ਸ਼ੱਕੀਆਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਦੇ ਨਾਂ ਹੈਪੀ ਸਿੰਘ ਤੇ ਜਸਪਾਲ ਸਿੰਘ ਹਨ। ਮੁਲਜ਼ਮਾਂ ਨੇ ਲਖਵਿੰਦਰ ਸਿੰਘ ਨੂੰ ਪਿਸਤੌਲ ਤੇ ਰਿਵਾਲਵਰ ਨਾਲ ਧਮਕੀ ਦਿੱਤੀ ਤੇ ਉਨ੍ਹਾਂ ਨੂੰ ਜ਼ਖ਼ਮੀ ਕਰ ਕੇ ਭੱਜ ਗਏ। ਭਜਨ ਗਾਇਕ ਨੂੰ ਹਸਪਤਾਲ ’ਚ ਦਾਖ਼ਲ ਕਰਾ ਦਿੱਤਾ ਗਿਆ ਹੈ।