ਨਵੀਂ ਦਿੱਲੀ: ਬ੍ਰਿਟਿਸ਼ ਏਅਰਵੇਜ਼ ਭਾਰਤ ਸਰਕਾਰ ਨਾਲ ਦੁਵੱਲੇ ਸਮਝੌਤੇ ਤਹਿਤ ਅੱਜ ਤੋਂ ਭਾਰਤ ਤੇ ਲੰਡਨ ਦੇ ਚਾਰ ਸ਼ਹਿਰਾਂ ਵਿਚਕਾਰ ਹਫ਼ਤਾਵਾਰੀ ਉਡਾਣਾਂ ਸ਼ੁਰੂ ਕਰੇਗੀ। ਕੰਪਨੀ ਨੇ ਬਿਆਨ ਵਿੱਚ ਕਿਹਾ ਹੈ ਕਿ ਉਹ ਹਰ ਹਫ਼ਤੇ ਦਿੱਲੀ ਤੇ ਮੁੰਬਈ ਦਰਮਿਆਨ ਲੰਡਨ ਹੀਥਰੋ ਹਵਾਈ ਅੱਡੇ ਲਈ ਪੰਜ ਉਡਾਣਾਂ ਚਲਾਏਗੀ। ਇਸ ਤੋਂ ਇਲਾਵਾ ਹਰ ਹਫ਼ਤੇ ਹੀਰਥੋ ਏਅਰਪੋਰਟ ਤੋਂ ਹੈਦਰਾਬਾਦ ਤੇ ਬੰਗਲੁਰੂ ਲਈ ਚਾਰ ਉਡਾਣਾਂ ਚਲਾਈਆਂ ਜਾਣਗੀਆਂ।
ਬਿਆਨ ਵਿੱਚ ਕਿਹਾ ਗਿਆ, “ਬ੍ਰਿਟਿਸ਼ ਏਅਰਵੇਜ਼ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਆਪਣੇ ਗਾਹਕਾਂ ਨੂੰ ਲੰਡਨ ਤੇ ਇਸ ਤੋਂ ਇਲਾਵਾ ਆਪਣੇ ਮੌਜੂਦਾ ਫਲਾਈਟ ਨੈੱਟਵਰਕ ਤੱਕ ਨਾਨ ਸਟੌਪ ਸੇਵਾਵਾਂ ਪ੍ਰਦਾਨ ਕਰੇਗੀ।”
ਦੱਸ ਦਈਏ ਕਿ ਕੋਰੋਨਾਵਾਇਰਸ ਕਰਕੇ 23 ਮਾਰਚ ਤੋਂ ਭਾਰਤ ‘ਚ ਅੰਤਰਰਾਸ਼ਟਰੀ ਯਾਤਰੀ ਉਡਾਣਾਂ ‘ਤੇ ਪਾਬੰਦੀ ਲਾਈ ਗਈ ਹੈ। ਹਾਲਾਂਕਿ, ਭਾਰਤ ਸਰਕਾਰ ਨੇ ਅਮਰੀਕਾ, ਬ੍ਰਿਟੇਨ ਤੇ ਜਰਮਨੀ ਸਮੇਤ ਕੁਝ ਦੇਸ਼ਾਂ ਨਾਲ ਆਵਾਜਾਈ ਸਮਝੌਤਾ ਕੀਤਾ ਹੈ। ਇਸ ਤਹਿਤ ਭਾਰਤ ਤੇ ਇਨ੍ਹਾਂ ਦੇਸ਼ਾਂ ਦੀਆਂ ਹਵਾਈ ਕੰਪਨੀਆਂ ਅੰਤਰਰਾਸ਼ਟਰੀ ਉਡਾਣਾਂ ਚਲਾ ਸਕਦੀਆਂ ਹਨ।