ਕਾਂਗਰਸ ਹਾਈ ਕਮਾਨ ਦੇ ਸੁਲਾਹ-ਸਮਝੌਤੇ ਦੇ ਯਤਨਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਆਪਣੀ ਖੁੱਲ੍ਹੀ ਜੰਗ ਖ਼ਤਮ ਕਰਨ ’ਤੇ ਸਹਿਮਤ ਹੋ ਗਏ। ਪਾਰਟੀ ਲੀਡਰਸ਼ਿਪ ਨੇ ਸਿੱਧੂ ਨੂੰ ਪੰਜਾਬ ਦੀ ਸੱਤਾ ਸਿਆਸਤ ਵਿਚ ਸਨਮਾਨਜਨਕ ਨਵੀਂ ਭੂਮਿਕਾ ਦਾ ਜਿਹੜਾ ਫਾਰਮੂਲਾ ਦਿੱਤਾ ਹੈ, ਉਸ ’ਤੇ ਉਹ ਰਾਜ਼ੀ ਹੋ ਗਏ ਹਨ। ਹਾਈ ਕਮਾਨ ਨੇ ਇਹ ਵੀ ਸੰਕੇਤ ਦਿੱਤਾ ਕਿ ਸਿੱਧੂ ਦੇ ਨਵੇਂ ਸਿਆਸੀ ਰੋਲ ਦੇ ਪ੍ਰਸਤਾਵ ’ਤੇ ਅਮਰਿੰਦਰ ਸਿੰਘ ਦੀ ਸਹਿਮਤੀ ਵੀ ਮਿਲ ਗਈ ਹੈ।
ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਸਿੱਧੂ ਦੀ ਬੁੱਧਵਾਰ ਸਵੇਰੇ ਹੋਈ ਚਰਚਾ ਤੋਂ ਬਾਅਦ ਟੌਪ ਲੀਡਰਸ਼ਿਪ ਵਿਚਾਲੇ ਮੀਟਿੰਗਾਂ ਦੇ ਚੱਲੇ ਕਈ ਦੌਰ ਵਿਚ ਹੱਲ ਦਾ ਫਾਰਮੂਲਾ ਕੱਢਿਆ ਗਿਆ। ਹੱਲ ਕੱਢਣ ਦਾ ਰਸਤਾ ਸਾਫ਼ ਹੋਣ ਦੇ ਸੰਕੇਤ ਮਿਲਣ ਤੋਂ ਬਾਅਦ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੇਰ ਸ਼ਾਮ ਸਿੱਧੂ ਨਾਲ ਮੁਲਾਕਾਤ ਕੀਤੀ। ਕਾਂਗਰਸ ਨੇ ਸੰਕੇਤ ਦਿੱਤੇ ਹਨ ਕਿ ਸਿੱਧੂ ਦੇ ਨਵੇਂ ਰੋਲ ਦਾ ਐਲਾਨ ਜਲਦ ਹੋ ਜਾਵੇਗਾ।
ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ਹੱਲ ਕੱਢਣ ਲਈ ਬੁੱਧਵਾਰ ਸਵੇਰੇ ਪ੍ਰਿਅੰਕਾ ਨੇ ਸਿੱਧੂ ਨਾਲ ਮੁਲਾਕਾਤ ਕੀਤੀ। ਸਿੱਧੂ ਨਾਲ ਮਿਲਣ ਤੋਂ ਪਹਿਲਾਂ ਪ੍ਰਿਅੰਕਾ ਨੇ ਰਾਹੁਲ ਦੇ ਘਰ ਜਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ। ਪ੍ਰਿਅੰਕਾ ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਨਾਲ ਮਸ਼ਵਰਾ ਕਰ ਚੁੱਕੀ ਸੀ। ਪ੍ਰਿਅੰਕਾ ਨੇ ਸਿੱਧੂ ਨੂੰ ਪੰਜਾਬ ਕਾਂਗਰਸ ਵਿਚ ਸਨਮਾਨਜਨਕ ਭੂਮਿਕਾ ਦੇਣ ਦਾ ਆਖ਼ਰੀ ਫਾਰਮੂਲਾ ਦਿੱਤਾ। ਇਸ ’ਤੇ ਸਿੱਧੂ ਨੇ ਵੀ ਜ਼ਿੱਦ ਛੱਡਣ ਦੇ ਹਾਂਪੱਖੀ ਸੰਕੇਤ ਦਿੱਤੇ। ਹਾਲਾਂਕਿ ਹਾਈ ਕਮਾਨ ਨੇ ਸਿੱਧੂ ਨੂੰ ਇਹ ਸਾਫ਼ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦਾ ਚਿਹਰਾ ਰਹਿਣਗੇ। ਸਿੱਧੂ ਨੂੰ ਉਨ੍ਹਾਂ ਨਾਲ ਤਾਲਮੇਲ ਕਰ ਕੇ ਚੱਲਣਾ ਹੋਵੇਗਾ। ਸਿੱਧੂ ਦੇ ਹਾਮੀ ਭਰਨ ਤੋਂ ਬਾਅਦ ਸ਼ਾਮ ਨੂੰ ਰਾਹੁਲ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ।
ਇਸ ਵਿਚਾਲੇ ਸਿੱਧੂ ਨੇ ਪ੍ਰਿਅੰਕਾ ਨਾਲ ਮੁਲਾਕਾਤ ਦੀ ਆਪਣੀ ਤਸਵੀਰ ਟਵਿੱਟਰ ’ਤੇ ਸਾਂਝੀ ਕੀਤੀ। ਇਸ ਤਸਵੀਰ ਰਾਹੀਂ ਸਿੱਧੂ ਨੇ ਸੁਲਾਹ ਦਾ ਫਾਰਮੂਲਾ ਨਿਕਲਣ ਦੇ ਯਤਨਾਂ ’ਤੇ ਆਪਣੇ ਹਾਂਪੱਖੀ ਰੁਖ਼ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ। ਉੱਥੇ ਕਾਂਗਰਸ ਲੀਡਰਸ਼ਿਪ ਨੇ ਵੀ ਸਿੱਧੂ ਨੂੰ ਸੂਬੇ ਦੀ ਸੱਤਾ-ਸੰਗਠਨ ਵਿਚ ਸਨਮਾਨਜਨਕ ਭੂਮਿਕਾ ਦੇਣ ਦੇ ਕਈ ਬਦਲਾਂ ’ਤੇ ਚਰਚਾ ਕੀਤੀ। ਸਿੱਧੂ ਨਾਲ ਚਰਚਾ ਤੋਂ ਬਾਅਦ ਪ੍ਰਿਅੰਕਾ ਰਾਹੁਲ ਦੇ ਘਰ ਪੁੱਜੀ ਅਤੇ ਉਨ੍ਹਾਂ ਨਾਲ ਚਰਚਾ ਤੋਂ ਬਾਅਦ ਉਹ ਸੋਨੀਆ ਨੂੰ ਮਿਲਣ ਗਈ।
ਇਸ ਤੋਂ ਬਾਅਦ ਰਾਹੁਲ ਖ਼ੁਦ 10 ਜਨਪਥ ਆ ਕੇ ਸੋਨੀਆ ਨੂੰ ਆਪਣੇ ਘਰ ਲੈ ਗਏ। ਗਾਂਧੀ ਪਰਿਵਾਰ ਦੇ ਤਿੰਨਾਂ ਮੈਂਬਰਾਂ ਵਿਚਾਲੇ ਲੰਬੀ ਚਰਚਾ ਹੋਈ ਅਤੇ ਸਿੱਧੂ ਨੇ ਹਾਈ ਕਮਾਨ ਨੂੰ ਝਗਡ਼ਾ ਖ਼ਤਮ ਕਰਨ ਦਾ ਭਰੋਸਾ ਦੇ ਦਿੱਤਾ। ਸ਼ਾਮ ਨੂੰ ਰਾਹੁਲ ਨਾਲ ਸਿੱਧੂ ਦੀ ਮੁਲਾਕਾਤ ਹੋਈ ਅਤੇ ਕਾਂਗਰਸ ਨੇ ਸੁਲਾਹ ਦਾ ਰਸਤਾ ਕੱਢਣ ਦਾ ਸੰਦੇਸ਼ ਦਿੱਤਾ। ਪੰਜਾਬ ਕਾਂਗਰਸ ਦਾ ਇਹ ਝਗਡ਼ਾ ਗਾਂਧੀ ਪਰਿਵਾਰ ਲਈ ਕਿੰਨਾ ਵੱਡੀ ਸਿਰਦਰਦੀ ਸੀ, ਇਸ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਪ੍ਰਿਅੰਕਾ ਨਾਲ ਇਸ ਮੁੱਦੇ ’ਤੇ ਚਰਚਾ ਤੋਂ ਬਾਅਦ ਖ਼ੁਦ ਸੋਨੀਆ ਉਸ ਨਾਲ ਰਾਹੁਲ ਨਾਲ ਮਸ਼ਵਰਾ ਕਰਨ ਗਈ। ਇਨ੍ਹਾਂ ਤਿੰਨਾਂ ਵਿਚਾਲੇ ਹੋਈ ਡੂੰਘੀ ਚਰਚਾ ਤੋਂ ਬਾਅਦ ਵੀ ਪ੍ਰਿਅੰਕਾ ਦੀ ਸਿੱਧੂ ਨਾਲ ਗੱਲਬਾਤ ਹੋਈ, ਜਿਸ ਵਿਚ ਕਾਂਗਰਸ ਜਨਰਲ ਸਕੱਤਰ ਨੇ ਹਾਈ ਕਮਾਨ ਵੱਲੋਂ ਉਨ੍ਹਾਂ ਦੀ ਤਜਵੀਜ਼ਸ਼ੁਦਾ ਨਵੀਂ ਸਿਆਸੀ ਭੂਮਿਕਾ ਦਾ ਅੰਤਿਮ ਫਾਰਮੂਲਾ ਦਿੱਤਾ।
ਸੂਤਰਾਂ ਦੇ ਮੁਤਾਬਕ ਪਾਰਟੀ ਲੀਡਰਸ਼ਿਪ ਨੇ ਪੰਜਾਬ ਚੋਣਾਂ ਦੀਆਂ ਚੁਣੌਤੀਆਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲਚਕਦਾਰ ਰੁਖ਼ ਅਪਣਾਉਣ ਲਈ ਸਹਿਮਤ ਕਰਨ ਤੋਂ ਬਾਅਦ ਸਿੱਧੂ ਨੂੰ ਇਹ ਤਜਵੀਜ਼ ਦਿੱਤੀ ਹੈ।ਸਮਝਿਆ ਜਾਂਦਾ ਹੈ ਕਿ ਪ੍ਰਿਅੰਕਾ ਦੀ ਪਹਿਲ ਨੂੰ ਦੇਖਦੇ ਹੋਏ ਸਿੱਧੂ ਉਨ੍ਹਾਂ ਦੇ ਫਾਰਮੂਲੇ ’ਤੇ ਸਹਿਮਤ ਹੋਏ ਹਨ। ਜ਼ਿਕਰਯੋਗ ਹੈ ਕਿ ਸਿੱਧੂ ਦੀ ਰਾਹੁਲ ਤੇ ਪ੍ਰਿਅੰਕਾ ਨਾਲ ਡੂੰਘੀ ਸਾਂਝ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਧੂ ਨੂੰ ਕਾਂਗਰਸ ਵਿਚ ਲਿਆਉਣ ’ਚ ਪ੍ਰਿਅੰਕਾ ਦੀ ਭੂਮਿਕਾ ਸੀ। ਸਿੱਧੂ ਵੀ ਪ੍ਰਿਅੰਕਾ ਦੀ ਗੱਲ ਨੂੰ ਤਵੱਜੋ ਦਿੰਦੇ ਹਨ। ਪੰਜਾਬ ਕਾਂਗਰਸ ਦੇ ਕਲੇਸ਼ ਦਾ ਹੱਲ ਕੱਢਣ ਲਈ ਗਠਿਤ ਤਿੰਨ ਮੈਂਬਰੀ ਕਮੇਟੀ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਚੋਣ ਮੈਦਾਨ ਵਿਚ ਜਾਣ ਦੇ ਨਾਲ ਸਿੱਧੂ ਨੂੰ ਅਹਿਮ ਰੋਲ ਦੇਣ ਲਈ ਉੱਪ-ਮੁੱਖ ਮੰਤਰੀ ਜਾਂ ਪ੍ਰਦੇਸ਼ ਕਾਂਗਰਸ ਦੀ ਕਮਾਨ ਸੌਂਪਣ ਵਰਗੇ ਫਾਰਮੂਲੇ ਦੀ ਸਿਫ਼ਾਰਸ਼ ਕੀਤੀ ਸੀ।