51.6 F
New York, US
October 18, 2024
PreetNama
ਰਾਜਨੀਤੀ/Politics

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਪੁੱਜੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਚਾਰੇ ਕਾਰਜਕਾਰੀ ਪ੍ਰਧਾਨ ਵੀ ਮੌਜੂਦ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਤੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੱਧੂ (Navjot Singh Sidhu) ਵਿਚਕਾਰ ਅੱਜ ਪਹਿਲੀ ਮੀਟਿੰਗ ਹੋਈ। ਮੁੱਖ ਮੰਤਰੀ ਨੇ ਨਵਜੋਤ ਸਿੱਧੂ ਨੂੰ ਅੱਜ ਮੀਟਿੰਗ ਲਈ ਬੁਲਾਇਆ ਸੀ। ਪੰਜਾਬ ਕਾਂਗਰਸ ਦੇ ਚਾਰੇ ਕਾਰਜਕਾਰੀ ਪ੍ਰਧਾਨ, ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਤੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਵੀ ਬੈਠਕ ‘ਚ ਮੌਜੂਦ ਸਨ।ਜਾਣਕਾਰੀ ਅਨੁਸਾਰ ਪਾਰਟੀ ਹਾਈ ਕਮਾਂਡ ਦੇ ਨਿਰਦੇਸ਼ ‘ਤੇ ਸਿੱਧੂ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਕਰਨ ਗਏ। ਉਨ੍ਹਾਂ ਪਾਰਟੀ ਦੀ ਕਮਾਨ ਸੰਭਾਲਣ ਵਾਲੇ ਦਿਨ ਜਿਵੇਂ ਦਾ ਰਵੱਈਆ ਅਪਨਾਇਆ ਸੀ, ਉਸ ਤੋਂ ਪਾਰਟੀ ਹਾਈ ਕਮਾਂਡ ਵੀ ਖੁਸ਼ ਨਹੀਂ ਸੀ। ਅਜਿਹਾ ਲੱਗ ਰਿਹਾ ਸੀ ਕਿ ਜੇਕਰ ਸਿੱਧੂ ਇਸੇ ਤਰ੍ਹਾਂ ਅੜੀਅਲ ਰੁਖ਼ ਅਪਣਾਉਂਦੇ ਹਨ ਤਾਂ ਕਾਂਗਰਸ ਲਈ ਗੰਭੀਰ ਸਮੱਸਿਆ ਪੈਦਾ ਹੋ ਸਕਦੀ ਹੈ। ਇਸੇ ਲਈ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦਾ ਸਮਾਂ ਮੰਗਿਆ ਸੀ। ਆਮ ਤੌਰ ‘ਤੇ ਮੁੱਖ ਮੰਤਰੀ ਜਾਂ ਤਾਂ ਆਪਣੇ ਫਾਰਮ ਹਾਊਸ ਜਾਂ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਕਰਦੇ ਹਨ, ਪਰ ਸਿੱਧੂ ਨੂੰ ਉਨ੍ਹਾਂ ਨੇ ਸਕੱਤਰੇਤ ਬੁਲਾਇਆ। ਇਸ ਤੋਂ ਪਹਿਲਾਂ ਜਦੋਂ ਵੀ ਕੈਪਟਨ ਨੇ ਸਿੱਧੂ ਨੂੰ ਮਿਲਣ ਬੁਲਾਇਆ ਤਾਂ ਮੁਲਾਕਾਤ ਉਨ੍ਹਾਂ ਦੇ ਫਾਰਮ ਹਾਊਸ ‘ਤੇ ਹੀ ਹੋਈ।

ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਚੁੱਕੇ ਗਏ ਮੁੱਦਿਆਂ ਸਬੰਧੀ ਪ੍ਰਗਟਾਏ ਖਦਸ਼ੇ ਪਹਿਲਾਂ ਹੀ ਹੱਲ ਲਈ ਸੂਬਾ ਸਰਕਾਰ ਦੇ ਧਿਆਨ ਹਿੱਤ ਹਨ ਜਿਨ੍ਹਾਂ ਉਤੇ ਪਾਰਟੀ ਨਾਲ ਤਾਲਮੇਲ ਰਾਹੀਂ ਕੰਮ ਕੀਤਾ ਜਾ ਰਿਹਾ ਹੈ।

 

ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਨਵੀਂ ਟੀਮ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਦਿਆਂ ਪੱਤਰ ਸੌਂਪਿਆ ਗਿਆ ਜਿਸ ਵਿੱਚ ਕੁਝ ਮਾਮਲਿਆਂ ਦੇ ਜ਼ਰੂਰੀ ਹੱਲ ‘ਤੇ ਲੋੜ ਦਿੱਤਾ ਗਿਆ। ਸੂਬਾਈ ਕਾਂਗਰਸ ਦੀ ਨਵੀਂ ਟੀਮ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਇਹ ਮੁੱਖ ਮੰਤਰੀ ਨਾਲ ਪਹਿਲੀ ਮੀਟਿੰਗ ਸੀ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਦੇ ਨਾਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਰਕਿੰਗ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜੀਆ, ਸੁਖਵਿੰਦਰ ਸਿੰਘ ਡੈਨੀ ਤੇ ਪਵਨ ਗੋਇਲ ਵੀ ਨਾਲ ਸਨ।

ਮੁੱਖ ਮੰਤਰੀ ਨੇ ਪਾਰਟੀ ਦੀ ਸੂਬਾਈ ਲੀਡਰਸ਼ਿਪ ਨੂੰ ਆਖਿਆ ਕਿ ਸੂਬਾ ਸਰਕਾਰ ਪਾਰਟੀ ਦੇ 2017 ਵਿਧਾਨ ਸਭਾ ਚੋਣਾਂ ਦੇ ਮੈਨੀਫੈਸਟੋ ਵਿੱਚ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਵਿੱਚੋਂ ਬਹੁਤਿਆਂ ਨੂੰ ਪਹਿਲਾਂ ਹੀ ਲਾਗੂ ਕਰ ਚੁੱਕੀ ਹੈ ਅਤੇ ਹੋਰ ਬਾਕੀ ਮਾਮਲੇ ਵੀ ਜਲਦ ਹੱਲ ਹੋ ਜਾਣਗੇ।

 

ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਨੂੰ ਸੁਖਾਵੀਂ ਦੱਸਦਿਆਂ ਕਿਹਾ ਕਿ ਸੂਬਾ ਸਰਕਾਰ ਸਾਰੇ ਚੋਣ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ।

 

ਪਾਰਟੀ ਦੇ ਹਿੱਤ ਵਿੱਚ ਇਕੱਠਿਆ ਮਿਲ ਕੇ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਪੰਜਾਬ ਕਾਂਗਰਸ ਪ੍ਰਧਾਨ ਤੇ ਵਰਕਿੰਗ ਪ੍ਰਧਾਨਾਂ ਨੂੰ ਕਿਹਾ, ”ਤੁਹਾਡੀ ਜਿੱਤ ਮੇਰੀ ਜਿੱਤ ਹੈ ਅਤੇ ਸਾਡੀ ਜਿੱਤ ਪਾਰਟੀ ਦੀ ਜਿੱਤ ਹੈ। ਸਾਨੂੰ ਸੂਬੇ ਅਤੇ ਲੋਕਾਂ ਦੇ ਹਿੱਤ ਨੂੰ ਦੇਖਦਿਆਂ ਇਕੱਠਿਆਂ ਕੰਮ ਕਰਨ ਦੀ ਲੋੜ ਹੈ।”

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਆਗੂ ਤੇ ਵਰਕਰ ਸਰਕਾਰ ਦੇ ਲੋਕ ਪੱਖੀ ਫੈਸਲੇ ਤੇ ਸਰਕਾਰ ਦੇ ਕੰਮਾਂ ਨੂੰ ਜ਼ਮੀਨੀ ਪੱਧਰ ‘ਤੇ ਲੈ ਕੇ ਜਾਣ ਤਾਂ ਜੋ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਵੱਲੋਂ ਸੂਬੇ ਵਿੱਚ ਪਿਛਲੇ ਚਾਰ ਤੋਂ ਵੱਧ ਸਾਲਾਂ ਦੇ ਸਮੇਂ ਦੌਰਾਨ ਕੀਤੇ ਸ਼ਾਨਦਾਰ ਕੰਮਾਂ ਤੋਂ ਜਾਣੂੰ ਹੋ ਸਕਣ।

 

ਮੁੱਖ ਮੰਤਰੀ ਨੇ ਸਰਕਾਰ ਅਤੇ ਪਾਰਟੀ ਵਿਚਾਲੇ ਬਿਹਤਰ ਤਾਲਮੇਲ ਯਕੀਨੀ ਬਣਾਉਣ ਲਈ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਨੂੰ ਨਿਰੰਤਰ ਮਿਲਣ ਦੀ ਪੇਸ਼ਕਸ਼ ਕੀਤੀ।

Related posts

ਮਹਿਬੂਬਾ ਦੀ ਕੇਂਦਰ ਨੂੰ ਧਮਕੀ, ਨਾ ਲਓ ਸਬਰ ਦਾ ਇਮਤਿਹਾਨ, ਮਿਟ ਜਾਓਗੇ

On Punjab

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਹਾਲਤ ਵਿੱਚ ਸੁਧਾਰ, ਏਮਜ਼ ਤੋਂ ਮਿਲੀ ਛੁੱਟੀ

On Punjab

ਇੰਡੀਆ ਗੇਟ ‘ਤੇ ਪਹੁਚੇ ਕਿਸਾਨ, ਪੁਲਿਸ ਨੂੰ ਭਾਜੜਾਂ, ਦਿੱਲੀ ’ਚ ਹਾਈ ਅਲਰਟ, ਗੁਰੂਘਰਾਂ ’ਤੇ ਵੀ ਨਜ਼ਰ, ਸੀਮਾ ’ਤੇ ਵਧਾਈ ਸਖ਼ਤੀ

On Punjab