ਨਵੀਂ ਦਿੱਲੀ-ਦਿੱਲੀ ਦੀ ਨਵੀਂ ਚੁਣੀ 8ਵੀਂ ਅਸੈਂਬਲੀ ਦਾ ਪਲੇਠਾ ਇਜਲਾਸ ਸ਼ੁਰੂ ਹੋ ਗਿਆ ਹੈ। ਪ੍ਰੋਟੈੱਮ ਸਪੀਕਰ ਅਰਵਿੰਦਰ ਸਿੰਘ ਲਵਲੀ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨੂੰ ਦਿੱਲੀ ਅਸੈਂਬਲੀ ਦੇ ਮੈਂਬਰ ਵਜੋਂ ਹਲਫ਼ ਦਿਵਾਇਆ।ਸਹੁੰ ਚੁੱਕਣ ਵਾਲੇ ਭਾਜਪਾ ਮੰਤਰੀਆਂ ਵਿਚ ਪਰਵੇਸ਼ ਵਰਮਾ, ਆਸ਼ੀਸ਼ ਸੂਦ, ਕਪਿਲ ਮਿਸ਼ਰਾ, ਰਵਿੰਦਰ ਸਿੰਘ ਇੰਦਰਾਜ, ਪੰਕਜ ਕੁਮਾਰ ਸਿੰਘ ਤੇ ਮਨਜਿੰਦਰ ਸਿੰਘ ਸਿਰਸਾ ਸ਼ਾਮਲ ਹਨ।
ਅਸੈਂਬਲੀ ਵਿਚ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਸਣੇ 22 ‘ਆਪ’ ਵਿਧਾਇਕਾਂ ਨੇ ਵੀ ਹਲਫ਼ ਲਿਆ। ਅਸੈਂਬਲੀ ਸਪੀਕਰ ਦੀ ਚੋਣ ਬਾਅਦ ਦੁਪਹਿਰ 2 ਵਜੇ ਹੋਵੇਗੀ।
ਅਸੈਂਬਲੀ ਵੱਲੋਂ ਜਾਰੀ ਬੁਲਿਟਨ ਮੁਤਾਬਕ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ 25 ਫਰਵਰੀ ਨੂੰ ਸਦਨ ਨੂੰ ਸੰਬੋਧਨ ਕਰਨਗੇ, ਜਿਸ ਮਗਰੋਂ ਕੰਪਟਰੋਲਰ ਆਡੀਟਰ ਜਨਰਲ (ਕੈਗ) ਦੀਆਂ ਰਿਪੋਰਟਾਂ ਸਦਨ ਵਿਚ ਰੱਖੀਆਂ ਜਾਣਗੀਆਂ।ਸੈਸ਼ਨ ਦੀ ਸ਼ੁਰੂਆਤ ਵੰਦੇ ਮਾਤਰਮ ਗਾਉਣ ਨਾਲ ਹੋਈ। ਇਸ ਮੌਕੇ ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸੱਚਦੇਵਾ ਵੀ ਸਪੀਕਰ ਦੀ ਗੈਲਰੀ ਵਿਚ ਮੌਜੂਦ ਸਨ।