ਬੰਗਲੂਰੂ-ਕਰਨਾਟਕ ਹਾਈ ਕੋਰਟ ਨੇ ਲੋਕਆਯੁਕਤ ਨੂੰ ਮੈਸੁਰੂ ਸ਼ਹਿਰੀ ਵਿਕਾਸ ਅਥਾਰਿਟੀ (ਮੁੱਡਾ) ਵਿੱਚ ਮੁੱਖ ਮੰਤਰੀ ਸਿੱਧਾਰਮੱਈਆ ਨਾਲ ਜੁੜੇ ਕਥਿਤ ਪਲਾਟ ਅਲਾਟਮੈਂਟ ਘੁਟਾਲੇ ਦੀ ਜਾਂਚ ਜਾਰੀ ਰੱਖਣ ਦੀ ਅੱਜ ਇਜਾਜ਼ਤ ਦੇ ਦਿੱਤੀ। ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਜਾਂਚ ਦੀ ਨਿਗਰਾਨੀ ਲੋਕਾਯੁਕਤ ਦੇ ਇੰਸਪੈਕਟਰ ਜਨਰਲ ਆਫ਼ ਪੁਲੀਸ ਵੱਲੋਂ ਕੀਤੀ ਜਾਵੇ। ਹਾਈ ਕੋਰਟ ਨੇ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਨੂੰ ਹੁਣ ਤੱਕ ਦੀ ਆਪਣੀ ਜਾਂਚ ਦੇ ਵਿਸਥਾਰਤ ਰਿਕਾਰਡ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਇਹ ਦਿਸ਼ਾ ਨਿਰਦੇਸ਼ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਦਿੱਤੇ ਗਏ। ਪਟੀਸ਼ਨਰ ਤੇ ਕਾਰਕੁਨ ਸਨੇਹਾਮਈ ਕ੍ਰਿਸ਼ਨਾ ਨੇ ਉੱਚ ਅਹੁਦਿਆਂ ’ਤੇ ਬੈਠੇ ਅਧਿਕਾਰੀਆਂ ਅਤੇ ਆਗੂਆਂ ਦੀ ਸ਼ਮੂਲੀਅਤ ਨੂੰ ਦੇਖਦੇ ਹੋਏ ਲੋਕਾਯੁਕਤ ਦੀ ਜਾਂਚ ਦੀ ਨਿਰਪੱਖਤਾ ’ਤੇ ਸਵਾਲ ਉਠਾਇਆ ਸੀ।
ਜਸਟਿਸ ਐੱਮ. ਨਾਗਪ੍ਰਸੰਨਾ ਨੇ ਪਾਰਦਰਸ਼ਤਾ ਦੀ ਲੋੜ ’ਤੇ ਜ਼ੋਰ ਦਿੱਤਾ। ਅਦਾਲਤ ਨੇ ਕਿਹਾ, ‘‘ਲੋਕਾਯੁਕਤ ਨੂੰ ਹੁਣ ਤੱਕ ਦੀ ਜਾਂਚ ਦੇ ਸਾਰੇ ਵੇਰਵੇ ਰਿਕਾਰਡ ਵਿੱਚ ਰੱਖਣੇ ਚਾਹੀਦੇ ਹਨ। ਜਾਂਚ ਦੀ ਨਿਗਰਾਨੀ ਲੋਕਾਯੁਕਤ ਦੇ ਆਈਜੀਪੀ ਵੱਲੋਂ ਕੀਤੀ ਜਾਵੇਗੀ। ਕੋਈ ਵੀ ਰਿਪੋਰਟ ਅਗਲੀ ਸੁਣਵਾਈ ਤੋਂ ਇਕ ਦਿਨ ਪਹਿਲਾਂ ਪੇਸ਼ ਕੀਤੀ ਜਾਣੀ ਚਾਹੀਦੀ ਹੈ।’’ ਅਦਾਲਤ ਨੇ ਅਗਲੀ ਸੁਣਵਾਈ 27 ਜਨਵਰੀ ਲਈ ਨਿਰਧਾਰਤ ਕੀਤੀ ਹੈ।