ਪਟਿਆਲਾ- ਮੇਅਰ ਕੁੰਦਨ ਗੋਗੀਆ ਨੇ ਅੱਜ ਨਗਰ ਨਿਗਮ ਦੇ ਸ਼ਿਕਾਇਤ ਕੇਂਦਰਾਂ (ਏ-ਟੈਂਕ ਦਫ਼ਤਰ) ’ਚ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਹਾਜ਼ਰੀ ਚੈੱਕ ਕਰਦਿਆਂ ਕੰਮਕਾਜ ਲਈ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਸਟਾਫ਼ ਨੂੰ ਦਫ਼ਤਰਾਂ ’ਚ ਹਾਜ਼ਰੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸ਼ਿਕਾਇਤ ਕੇਂਦਰ ਦਾ ਵੀ ਲਿਆ ਜਾਇਜ਼ਾ ਲਿਆ ਤੇ ਹਰ ਇੱਕ ਸ਼ਿਕਾਇਤ ਦਾ ਸਮੇਂ ਸਿਰ ਨਿਪਟਾਰਾ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਜਿੱਥੇ ਵੀ ਸੀਵਰ ਜਾਂ ਲੀਕੇਜ ਦੀ ਸਮੱਸਿਆ ਆਉਂਦੀ ਹੈ ਸ਼ਹਿਰ ਵਾਸੀ ਇਸ ਸਬੰਧੀ ਤੁਰੰਤ ਨਗਰ ਨਿਗਮ ਦੇ 2309422/14420/18001282808 ਨੰਬਰ ’ਤੇ ਆਪਣੀ ਸ਼ਿਕਾਇਤ ਦਰਜ ਕਰਾਉਣ ਤਾਂ ਜੋ ਤੁਰੰਤ ਇਸ ਦਾ ਹੱਲ ਕੀਤਾ ਜਾ ਸਕੇ। ਕੁੰਦਨ ਗੋਗੀਆ ਨੇ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਨੂੰ ਬਗੈਰ ਕੋਈ ਜਾਣਕਾਰੀ ਦਿੱਤੇ ਗੈਰ-ਹਾਜ਼ਰ ਪਾਇਆ ਗਿਆ ਤਾਂ ਤੁਰੰਤ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਕੁੱਲ 181 ਟਿਊਬਵੈੱਲ ਚਾਲੂ ਹਾਲਾਤ ਵਿੱਚ ਹਨ ਅਤੇ ਨਿਗਮ ਸ਼ਹਿਰ ਵਾਸੀਆਂ ਨੂੰ ਲੋੜੀਂਦਾ ਪਾਣੀ ਉਪਲਬਧ ਕਰਵਾਉਣ ਦੇ ਸਮਰਥ ਹਨ। ਉਨ੍ਹਾਂ ਕੋਲ ਇਸ ਸਮੇਂ 56 ਬੇਲਦਾਰ ਆਊਟ ਸੋਰਸ, 43 ਸੀਵਰਮੈਨ ਆਊਟ ਸੋਰਸ, 106 ਸੀਵਰਮੈਨ ਕੰਟਰੈਕਟ ਅਤੇ 41 ਸੀਵਰਮੈਨ ਰੈਗੂਲਰ ਆਧਾਰ ’ਤੇ ਕੰਮ ਕਰ ਰਹੇ ਹਨ। ਕੰਮ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਚਲਾਉਣ ਲਈ ਹਰੇਕ ਅਪਰੇਟਰ ਨੂੰ 10-12 ਟਿਊਬਵੈੱਲ ਵੰਡ ਕੇ ਦਿੱਤੇ ਜਾਣਗੇ ਅਤੇ ਵਾਧੂ ਸਟਾਫ ਨੂੰ ਮੁਰੰਮਤ ਤੇ ਵਾਟਰ ਸਪਲਾਈ ਲੀਕੇਜ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਵੇਂ ਜਿਵੇਂ ਸ਼ਹਿਰ ਦੀ ਆਬਾਦੀ ਵੱਧ ਰਹੀ ਹੈ, ਉਸੇ ਤਰ੍ਹਾਂ ਸਮੱਸਿਆਵਾਂ ਵੀ ਵੱਧਦੀਆਂ ਜਾ ਰਹੀਆਂ ਹਨ। ਇਸ ਲਈ ਸ਼ਹਿਰ ਵਾਸੀਆਂ ਨੂੰ ਵੀ ਪਟਿਆਲੇ ਨੂੰ ਸੋਹਣਾ ਅਤੇ ਸਾਫ ਸੁਥਰਾ ਬਣਾਉਣ ਵਿੱਚ ਨਗਰ ਨਿਗਮ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿਲੋੜ ਮੁਤਾਬਿਕ ਵਾਟਰ ਸਪਲਾਈ ਵਿੱਚ ਨਵੇਂ ਸੀਵਰਮੈਨਾਂ ਅਤੇ ਬੇਲਦਾਰਾਂ ਦੀ ਭਰਤੀ ਵੀ ਕੀਤੀ ਜਾਵੇਗੀ। ਇਸ ਮੌਕੇ ਸਹਾਇਕ ਨਿਗਮ ਇੰਜਨੀਅਰ ਮਨੀਸ਼ ਕੈਂਥ, ਸੁਪਰਡੈਂਟ ਗੁਰਪ੍ਰੀਤ ਸਿੰਘ ਚਾਵਲਾ, ਜੂਨੀਅਰ ਇੰਜਨੀਅਰ ਪਰਵਿੰਦਰ ਸਿੰਘ ਅਤੇ ਜੂਨੀਅਰ ਇੰਜਨੀਅਰ ਰਾਜੇਸ਼ ਕੁਮਾਰ ਵੀ ਮੌਜੂਦ ਰਹੇ। ਇਸ ਮੌਕੇ ਟੈਕਨੀਕਲ ਐਂਪਲਾਈਜ਼ ਯੂਨੀਅਨ, ਟੈਕਨੀਕਲ ਕਰਮਚਾਰੀ ਯੂਨੀਅਨ ਤੇ ਆਊਟਸੋਰਸ ਕਾਮਿਆਂ ਦੇ ਆਗੂਆਂ ਵਲੋਂ ਵੀ ਮੇਅਰ ਕੁੰਦਨ ਗੋਗੀਆ ਨਾਲ ਮੀਟਿੰਗ ਕੀਤੀ ਗਈ।