ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ ਦੇ ਪਤੀ ਪ੍ਰਿੰਸ ਫਿਲਿਪ ਦੀਆਂ ਅੰਤਿਮ ਰਸਮਾਂ ’ਚ ਮੇਗਨ ਮਾਰਕੇਲ ਸ਼ਾਮਲ ਨਹੀਂ ਹੋਵੇਗੀ। ਮੇਗਨ ਦੇ ਪਤੀ ਪ੍ਰਿੰਸ ਹੈਲੀ ਆਪਣੇ ਦਾਦਾ ਦੀਆਂ ਅੰਤਿਮ ਰਸਮਾਂ ’ਚ ਜ਼ਰੂਰ ਸ਼ਾਮਲ ਹੋਣਗੇ। ਮੇਗਨ ਮਾਰਕੇਲ ਗਰਭਵਤੀ ਹੈ, ਉਹ ਚਾਹੁੰਦੀ ਸੀ ਕਿ ਇਸ ਦੌਰਾਨ ਉਹ ਆਪਣੇ ਪਤੀ ਨਾਲ ਰਹੇ ਪਰ ਡਾਕਟਰ ਨੇ ਉਨ੍ਹਾਂ ਨੂੰ ਸਫਰ ਕਰਨ ਤੋਂ ਮਨ੍ਹਾ ਕਰ ਦਿੱਤਾ।
ਪੇਜ ਸਿਕਸ ਮੁਤਾਬਕ ਅੰਤਿਮ ਰਸਮਾਂ ਮੌਕੇ ਸਿਰਫ 30 ਲੋਕਾਂ ਨੂੰ ਇਜਾਜ਼ਤ ਦਿੱਤੀ ਗਈ ਹੈ। ਇੱਥੋਂ ਤਕ ਕਿ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੀ ਅੰਤਿਮ ਰਸਮਾਂ ’ਚ ਹਿੱਸਾ ਨਹੀਂ ਲੈ ਰਹੇ।
ਪ੍ਰਿੰਸੀ ਫਿਲਿਪ ਦੀ 9 ਅਪ੍ਰੈਲ ਨੂੰ ਸੌ ਸਾਲ ਪੂਰੇ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਵਿੰਡਸਰ ਕਾਸਲ ’ਚ ਮੌਤ ਹੋ ਗਈ ਸੀ। ਕੋਰੋਨਾ ਮਹਾਮਾਰੀ ਦੀਆਂ ਪਾਬੰਦੀਆਂ ਵਿਚਾਲੇ ਵੀ ਪ੍ਰਿੰਸ ਫਿਲਿਪ ਨੂੰ ਸ਼ਰਧਾਂਜਲੀ ਦੇਣ ਲਈ ਲਗਾਤਾਰ ਲੋਕ ਬਕਿੰਘਮ ਪੈਲੇਸ ਅਤੇ ਵਿੰਡਸਰ ਕਾਸਲ ’ਤੇ ਲੋਕਾਂ ਦਾ ਆਉਣਾ ਜਾਰੀ ਹੈ। ਇੱਥੇ ਆਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇੱਥੇ ਫੁੱਲ ਛੱਡ ਕੇ ਨਾ ਜਾਣ ਬਲਕਿ ਸ਼ਰਧਾਂਜਲੀ ਦੇਣ ਲਈ ਗ਼ਰੀਬਾਂ ਦੀ ਮਦਦ ਕਰਨ। ਪ੍ਰਿੰਸ ਫਿਲਿਪ ਨੂੰ ਲੰਡਨ, ਇਡਨਬਰਗ, ਕਾਰਡਿਫ ਤੇ ਬੇਲਫਾਸਟ ’ਚ 41 ਰਾਊਂਡ ਗੋਲੀਆਂ ਚਲਾ ਕੇ ਸਲਾਮੀ ਦਿੱਤੀ ਗਈ। ਇਕ ਰਾਊਂਡ ਗੋਲੀ ਤੋਂ ਬਾਅਦ ਇਕ ਮਿੰਟ ਦਾ ਵਕਫਾ ਰੱਖਿਆ ਗਿਆ। ਉਨ੍ਹਾਂ ਦੀਆਂ ਅੰਤਿਮ ਰਸਮਾਂ 17 ਅਪ੍ਰੈਲ ਨੂੰ ਹੋਣਗੀਆਂ।