PreetNama
ਖਾਸ-ਖਬਰਾਂ/Important News

ਮੈਂ ਪੰਜਾਬ ਬੋਲਦਾ ਹਾਂ…1 ਨਵੰਬਰ ਨੂੰ ਹੋਣ ਵਾਲੀ ਬਹਿਸ ‘ਚ ਸ਼ਾਮਲ ਹੋਣ ਲਈ ਅਕਾਲੀ ਦਲ ਨੇ ਰੱਖੀ ਇਹ ਸ਼ਰਤ

ਸ਼੍ਰੋਮਣੀ ਅਕਾਲੀ ਦਲ ਨੇ ਇਕ ਨਵੰਬਰ ਨੂੰ ਹੋਣ ਵਾਲੀ ਬਹਿਸ ਦਾ ਵਿਸ਼ਾ ਕੇਵਲ ਪਾਣੀ ਦਾ ਮੁੱਦਾ ਰੱਖਣ ਦੀ ਮੰਗ ਕੀਤੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਹਿਸ ਤੋਂ ਭੱਜਦੇ ਨਹੀਂ ਪਰ ਅੱਜ ਮੁੱਦਾ ਪੰਜਾਬ ਦਾ ਪਾਣੀ ਬਚਾਉਣ ਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਮੁੱਦਿਆਂ ‘ਤੇ ਬਹਿਸ ਕਰਵਾਉਣੀ ਹੈ ਤਾਂ ਕੋਈ ਹੋਰ ਤਾਰੀਕ ਤੈਅ ਕਰ ਲਈ ਜਾਵੇ ਅਤੇ ਇਹ ਬਹਿਸ ਫਿਰ 1947 ਤੋਂ ਸ਼ੁਰੂ ਹੋਣੀ ਚਾਹੀਦੀ ਹੈ।

ਭੂੰਦੜ ਨੇ ਕਿਹਾ ਕਿ ਅੱਜ ਬਹਿਸ ਦੀ ਨਹੀਂ ਬਲਕਿ ਪੰਜਾਬ ਦਾ ਸੰਕਟ ਮਿਲ-ਬੈਠ ਕੇ ਹੱਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਵੱਡੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਨੂੰ ਦਿੱਤੀ ਹੈ ਤੇ ਮੁੱਖ ਮੰਤਰੀ ਦੀ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਡਿਊਟੀ ਬਣਦੀ ਹੈ ਕਿ ਉਹ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਆ ਚੁੱਕਿਆ ਹੈ ਇਸ ‘ਤੇ ਇਕੱਠੇ ਹੋ ਕੇ ਹੱਲ ਕੱਢਣਾ ਚਾਹੀਦਾ ਹੈ। ਭੂੰਦੜ ਨੇ ਸਪਸ਼ਟ ਸ਼ਬਦਾਂ ‘ਚ ਕਿਹਾ ਕਿ ਅਕਾਲੀ ਦਲ ਨਾ ਕਦੇ ਡਰਿਆ ਅਤੇ ਨਾ ਹੀ ਕਦੇ ਡਰੇਗਾ।ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਮਾਜ ‘ਚ ਇਹ ਪ੍ਰਭਾਵ ਜਾ ਰਿਹਾ ਹੈ ਕਿ ਪਾਣੀ ਦੇ ਮੁੱਦੇ ‘ਤੇ ਜਿੱਥੇ ਹਰਿਆਣੇ ਦੀਆਂ ਸਮੂਹ ਸਿਆਸੀ ਧੀਰਾਂ ਇਕਜੁੱਟ ਹਨ ਉਥੇ ਹੀ ਪੰਜਾਬ ਤੋਂ ਰਾਜ ਸਭਾ ਮੈਂਬਰ ਤੇ ‘ਆਪ’ ਕਨਵੀਨਰ ਅਰਵਿੰਦਰ ਕੇਜਰੀਵਾਲ ਵੀ ਹਰਿਆਣੇ ਦਾ ਪੱਖ ਪੂਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਚਾਹੁੰਦਾ ਬਲਕਿ ਬਹਿਸ ਦੀ ਬਜਾਏ ਆਲ ਪਾਰਟੀ ਮੀਟਿੰਗ ਹੋਣੀ ਚਾਹੀਦੀ ਸੀ ਤਾਂ ਜੋ ਸਾਂਝੀ ਰਣਨੀਤੀ ਬਣਾ ਕੇ ਮਸਲੇ ਦਾ ਹੱਲ ਕੱਢਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਬਹਿਸ ਵੀ ਕਰਾਉਣੀ ਸੀ ਤਾਂ ਇਹ ਇਸ ਸਬੰਧੀ ਬਕਾਇਦਾ ਨਿਯਮ ਤੈਅ ਹੋਣੇ ਚਾਹੀਦੇ ਸਨ ਕਿ ਕਿਹੜੀ ਪਾਰਟੀ ਨੇ ਪਹਿਲਾਂ ਬੋਲਣਾ ਅਤੇ ਕਿਸੇ ਨੇ ਬਾਅਦ ਵਿੱਚ ਅਤੇ ਪੂਰੀ ਬਹਿਸ ਦਾ ਨਿਚੋੜ ਦਾ ਹੱਲ ਕੀ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਆਪ ਹੀ ਸਟੇਜ, ਥਾਂ, ਮੰਚ ਸੰਚਾਲਕ ਬਾਰੇ ਤੈਅ ਕਰ ਲਿਆ, ਅਜੇ ਤੱਕ ਇਹ ਵੀ ਫੈਸਲਾ ਨਹੀਂ ਹੋ ਸਕਿਆ ਕਿ ਕਿਹੜੀ ਪਾਰਟੀ ਦੇ ਕਿੰਨੇ ਮੈਂਬਰ ਉਸ ਬਹਿਸ ‘ਚ ਸ਼ਾਮਿਲ ਹੋਣਗੇ ਅਤੇ ਪਾਸ ਕਿਸ ਤਰ੍ਹਾਂ ਜਾਰੀ ਕਰਨੇ ਹਨ।

ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਤੀ ਤੇ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਇਸ ਲਈ ਸਰਕਾਰ ਨੂੰ ਇਹ ਵੀ ਸਪਸ਼ਟ ਕਰਨਾ ਚਾਹੀਦਾ ਹੈ ਕਿ ਬਹਿਸ ਵਿਚ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਆਉਣਗੇ ਜਾਂ ਨਹੀਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਤੌਰ ਮੁੱਖ ਮੰਤਰੀ ਪੰਜਾਬ ਦਾ ਕੇਸ ਮਜ਼ਬੂਤੀ ਨਾਲ ਲੜਨ ਦੀ ਜ਼ਰੂਰਤ ਹੈ।

Related posts

ਇਕ ਸਾਲ ’ਚ ਅਮਰੀਕਾ ’ਚ ਨਾਜਾਇਜ਼ ਦਾਖ਼ਲੇ ਦੀ ਕੋਸ਼ਿਸ਼ ਕਰਦੇ 97 ਹਜ਼ਾਰ ਭਾਰਤੀ ਫੜੇ, ਲਗਾਤਾਰ ਵੱਧ ਰਹੀ ਹੈ ਗਿਣਤੀ

On Punjab

ਜਪ੍ਹਉ ਜਿਨੁ ਅਰਜੁਨ ਦੇਵ ਗੁਰੂ

On Punjab

ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਨ ਭਰਨ ਵਾਲੇ ਯਾਤਰੀਆਂ ਲਈ ਚੰਗੀ ਖ਼ਬਰ, ਜਲਦ 10 ਕੌਮਾਂਤਰੀ ਤੇ 11 ਕੌਮੀ ਉਡਾਨਾਂ ਹੋਣਗੀਆਂ ਸ਼ੁਰੂ

On Punjab