ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੈਨਸਿਲਵੇਨੀਆ ਵਿੱਚ ਇਕ ਪ੍ਰੋਗਰਾਮ ਦੌਰਾਨ ਹੋਏ ਕਾਤਲਾਨਾ ਹਮਲੇ ਵਿੱਚ ਵਾਲ-ਵਾਲ ਬਚਣ ਤੋਂ ਬਾਅਦ ਆਪਣੀ ਪਹਿਲੀ ਚੋਣ ਪ੍ਰਚਾਰ ਰੈਲੀ ’ਚ ਆਲੋਚਕਾਂ ਦੀਆਂ ਚਿੰਤਾਵਾਂ ਨੂੰ ਖਾਰਜ ਕੀਤਾ ਕਿ ਉਹ ਲੋਕਤੰਤਰ ਲਈ ਖ਼ਤਰਾ ਹਨ ਅਤੇ ਕਿਹਾ ਕਿ ਉਨ੍ਹਾਂ ਨੇ ‘ਲੋਕਤੰਤਰ ਲਈ ਗੋਲੀ ਖਾਧੀ’ ਹੈ। ਮਿਸ਼ੀਗਨ ਵਿੱਚ ਸ਼ਨਿਚਰਵਾਰ ਨੂੰ ਹੋਈ ਰੈਲੀ ’ਚ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਟਰੰਪ ਦੇ ਨਾਲ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੇਡੀ ਵਾਂਸ ਵੀ ਮੌਜੂਦ ਸਨ। ਗਰੈਂਡ ਰੈਪਿਡਸ ਦੇ ਵੈਨ ਐਂਡੇਲ ਐਰੀਨਾ ਵਿੱਚ ਟਰੰਪ ਅਤੇ ਵਾਂਸ ਨੂੰ ਦੇਖਣ ਲਈ 12,000 ਤੋਂ ਵੱਧ ਲੋਕ ਇਕੱਤਰ ਹੋਏ। ਟਰੰਪ (78) ਨੇ ਡੈਮੋਕਰੈਟਿਕ ਪਾਰਟੀ ਦੇ ਆਗੂਆਂ ਦਾ ਜ਼ਿਕਰ ਕਰਦੇ ਹੋਏ ਕਿਹਾ, ‘‘ਉਹ ਕਹਿੰਦੇ ਰਹਿੰਦੇ ਹਨ ਕਿ ਉਹ (ਟਰੰਪ) ਲੋਕਤੰਤਰ ਲਈ ਖ਼ਤਰਾ ਹਨ। ਮੈਂ ਕਹਿੰਦਾ ਹਾਂ, ‘ਮੈਂ ਲੋਕਤੰਤਰ ਖ਼ਿਲਾਫ਼ ਕੀ ਕੀਤਾ? ਇਹ ਪਾਗਲਪਨ ਹੈ।’’
ਸਾਬਕਾ ਰਾਸ਼ਟਰਪਤੀ ਨੇ ਪ੍ਰਾਜੈਕਟ 2025 ਬਾਰੇ ਵੀ ਗੱਲ ਕੀਤੀ, ਜਿਸ ਬਾਰੇ ਉਨ੍ਹਾਂ ਦੇ ਵਿਰੋਧੀਆਂ ਦਾ ਦਾਅਵਾ ਹੈ ਕਿ ਇਹ ਪਹਿਲ ਲੋਕਤੰਤਰ ਲਈ ਖ਼ਤਰਾ ਹੈ। ਟਰੰਪ ਨੇ ਇਸ ਪ੍ਰਾਜੈਕਟ ਨਾਲੋਂ ਖ਼ੁਦ ਨੂੰ ਵੱਖ ਕਰਦੇ ਹੋਏ ਕਿਹਾ, ‘‘ਮੈਂ ਇਸ ਬਾਰੇ ਕੁਝ ਜਾਨਣਾ ਨਹੀਂ ਚਾਹੁੰਦਾ, ਪਰ ਉਹ ਗਲਤ ਸੂਚਨਾ ਤੇ ਭਰਮਾਊ ਜਾਣਕਾਰੀ ਦੇ ਰਹੇ ਹਨ।’’ ਕੰਨ ’ਤੇ ਪੱਟੀ ਬੰਨ੍ਹ ਕੇ ਆਏ ਟਰੰਪ ਨੇ ਕਰੀਬ ਦੋ ਘੰਟੇ ਤੱਕ ਭਾਸ਼ਣ ਦਿੱਤਾ ਅਤੇ ‘ਬਟਲਰ ਮੈਮੋਰੀਅਲ ਹਸਪਤਾਲ’ ਦੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ, ਜਿੱਥੇ ਉਨ੍ਹਾਂ ਨੂੰ ਪੈਨਸਿਲਵੇਨੀਆ ਵਿੱਚ ਉਨ੍ਹਾਂ ਦੀ ਰੈਲੀ ’ਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਲਿਜਾਇਆ ਗਿਆ ਸੀ। –