ਮੈਕਸਿਕੋ ਸਿਟੀ,, ਮੈਕਸਿਕੋ ਦੀ ਸੈਨੇਟ ਵੱਲੋਂ ਅਮਰੀਕਾ ਤੇ ਕੈਨੇਡਾ ਨਾਲ ਨਵੇਂ ਫਰੀ ਟਰੇਡ ਅਗਰੀਮੈਂਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਅਜਿਹਾ ਕਰਕੇ ਤਿੰਨ ਮੁਲਕਾਂ ਦੇ ਇਸ ਸਮਝੌਤੇ ਨੂੰ ਮਨਜ਼ੂਰੀ ਦੇਣ ਵਾਲਾ ਮੈਕਸਿਕੋ ਪਹਿਲਾ ਦੇਸ਼ ਬਣ ਗਿਆ ਹੈ।
ਯੂਐਸ-ਮੈਕਸਿਕੋ-ਕੈਨੇਡਾ ਅਗਰੀਮੈਂਟ ਦੇ ਪੱਖ ਵਿੱਚ ਮੈਕਸਿਕੋ ਦੇ ਉੱਪਰੀ ਸਦਨ ਵਿੱਚ ਚਾਰ ਦੇ ਮੁਕਾਬਲੇ 114 ਵੋਟਾਂ ਨਾਲ ਇਸ ਸਮਝੌਤੇ ਨੂੰ ਮਨਜ਼ੂਰੀ ਦਿੱਤੀ ਗਈ। ਜਿ਼ਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਨਾਫਟਾ ਦੀ ਥਾਂ ਮੁੜ ਗੱਲਬਾਤ ਕਰਕੇ ਇਸ ਸਮਝੌਤੇ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ ਸੀ।
ਇਸ ਮਹੀਨੇ ਦੇ ਸ਼ੁਰੂ ਵਿੱਚ ਟਰੰਪ ਨੇ ਟਵਿੱਟਰ ਰਾਹੀਂ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਵੱਲੋਂ ਮੈਕਸਿਕੋ ਤੋਂ ਹੋਣ ਵਾਲੀ ਸਾਰੀ ਦਰਾਮਦ ਉੱਤੇ ਟੈਰਿਫਜ਼ ਵਿੱਚ ਵਾਧਾ ਕੀਤਾ ਜਾਵੇਗਾ ਬਸ਼ਰਤੇ ਮੈਕਸਿਕੋ ਸਾਂਝੀ ਸਰਹੱਦ ਉੱਤੇ ਸੈਂਟਰ ਅਮੈਰੀਕਨ ਮਾਈਗ੍ਰੈਂਟਸ ਦੀ ਆਮਦ ਨੂੰ ਮੱਠਾ ਨਹੀਂ ਕਰ ਲੈਂਦਾ। ਇਸ ਸਮਝੌਤੇ ਨੂੰ ਅਜੇ ਅਮਰੀਕਾ ਤੇ ਕੈਨੇਡਾ ਦੇ ਨੀਤੀਘਾੜਿਆਂ ਵੱਲੋਂ ਹਰੀ ਝੰਡੀ ਦਿੱਤੇ ਜਾਣਾ ਬਾਕੀ ਹੈ।