ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਏਐੱਮਯੂ) ਦੇ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ’ਚ ਕੰਮ ਕਰ ਰਹੇ ਦੋ ਡਾਕਟਰਾਂ ਨੂੰ ਹਟਾ ਦਿੱਤਾ ਗਿਆ ਹੈ। ਏਏਐੱਮਯੂ ਪ੍ਰਸ਼ਾਸਨ ਨੇ ਇਹ ਕਾਰਵਾਈ ਅਜਿਹੇ ਸਮੇਂ ਕੀਤੀ ਹੈ ਜਦੋਂ ਹਾਥਰਸ ’ਚ ਲੜਕੀ ਦੀ ਹੱਤਿਆ ਦੇ ਮਾਮਲੇ ’ਚ ਸੀਬੀਆਈ ਜਾਂਚ ਲਈ ਸੋਮਵਾਰ ਨੂੰ ਮੈਡੀਕਲ ਕਾਲਜ ਪਹੁੰਚੀ ਸੀ। ਇਨ੍ਹਾਂ ’ਚੋਂ ਇਕ ਡਾਕਟਰ ਨੇ ਲੜਕੀ ਦੀ ਮੈਡੀਕਲ ਰਿਪੋਰਟ ਦੇ ਬਾਰੇ ਮੀਡੀਆ ਨੂੰ ਬਿਆਨ ਦਿੱਤਾ ਸੀ। ਹਟਾਏ ਗਏ ਡਾਕਟਰਾਂ ’ਚ ਡਾ. ਉਬੈਦ ਤੇ ਡਾ. ਮੁਹੰਮਦ ਅਜ਼ੀਮੁਦੀਨ ਮਲਿਕ ਹਨ। ਪਿਛਲੇ ਦਿਨੀਂ ਮੈਡੀਕਲ ਕਾਲਜ ’ਚ ਕਈ ਡਾਕਟਰ ਕੋਰੋਨਾ ਇਨਫੈਕਟਿਡ ਪਾਏ ਜਾਣ ’ਤੇ ਛੁੱਟੀ ’ਤੇ ਚਲੇ ਗਏ ਸਨ। ਅਜਿਹੇ ਡਾਕਟਰਾਂ ਦੀ ਕਮੀ ਪੂਰੀ ਕਰਨ ਲਈ ਇੰਤਜ਼ਾਮੀਆ ਨੇ ਲੀਵ ਵੈਕੇਂਸੀ ’ਤੇ ਡਾਕਟਰਾਂ ਦੀ ਨਿਯੁਕਤੀ ਕੀਤੀ ਸੀ। ਇਨ੍ਹਾਂ ’ਚ ਡਾਕਟਰ ਮੁਹੰਮਦ ਅਜ਼ੀਮੁਦੀਨ ਮਲਿਕ ਤੇ ਡਾਕਟਰ ਉਬੈਦ ਨੂੰ ਕੈਜ਼ੁਅਲਟੀ ਮੈਡੀਕਲ ਅਫਸਰ ਦੇ ਅਹੁਦੇ ’ਤੇ ਨਿਯੁਕਤ ਕੀਤਾ ਸੀ। ਡਾ. ਮਲਿਕ ਨੇ ਹਾਥਰਸ ਮਾਮਲੇ ’ਚ ਮੈਡੀਕਲ ਰਿਪੋਰਟ ਨੂੰ ਲੈ ਕੇ ਮੀਡੀਆ ’ਚ ਬਿਆਨ ਦਿੱਤਾ ਸੀ। ਇਸ ਤੋਂ ਬਾਅਦ ਤੋਂ ਹੀ ਉਨ੍ਹਾਂ ਦੀ ਸੇਵਾ ਖਤਮ ਕਰਨ ਦੀ ਚਰਚਾ ਤੇਜ਼ੀ ਨਾਲ ਸ਼ੁਰੂ ਹੋ ਗਈ ਸੀ।