india vs sri lanka match abandoned: ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ ਵਿਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾਣਾ ਸੀ, ਜੋ ਬਾਰਿਸ਼ ਕਾਰਨ ਰੱਦ ਕਰ ਦਿੱਤਾ ਗਿਆ । ਜਿਸ ਨਾਲ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਮੁਕਾਬਲੇਬਾਜ਼ੀ ਕ੍ਰਿਕਟ ਵਿੱਚ ਵਾਪਸੀ ਦਾ ਇੰਤਜ਼ਾਰ ਵੀ ਵੱਧ ਗਿਆ ।
ਇਸ ਮੁਕਾਬਲੇ ਵਿੱਚ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਪਰ ਖੇਡ ਸ਼ੁਰੂ ਹੋਣ ਤੋਂ ਕੁਝ ਦੇਰ ਪਹਿਲਾਂ ਤੇਜ਼ ਬਾਰਿਸ਼ ਸ਼ੁਰੂ ਹੋ ਗਈ । ਬਾਰਿਸ਼ ਨਾ ਰੁਕਣ ਕਾਰਨ ਅੰਪਾਇਰਾਂ ਨੇ ਆਖਰੀ ਵਾਰ ਨਿਰੀਖਣ ਕਰਨ ਤੋਂ ਬਾਅਦ ਮੈਚ ਰੱਦ ਕਰਨ ਦਾ ਫੈਸਲਾ ਕੀਤਾ, ਜਿਸ ਨਾਲ ਵੱਡੀ ਗਿਣਤੀ ਵਿੱਚ ਸਟੇਡੀਅਮ ਵਿੱਚ ਮੌਜੂਦ ਦਰਸ਼ਕ ਨਿਰਾਸ਼ ਹੋ ਗਏ ।
ਵਿਰਾਟ ਕੋਹਲੀ ਨੇ ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ ਅਤੇ ਨਵਦੀਪ ਸੈਣੀ ਨੂੰ ਟੀਮ ਦੇ ਤੇਜ਼ ਗੇਂਦਬਾਜ਼ੀ ਟੀਮ ਵਿੱਚ ਸ਼ਾਮਿਲ ਕੀਤਾ, ਜਦਕਿ ਕੁਲਦੀਪ ਯਾਦਵ ਅਤੇ ਵਾਸ਼ਿੰਗਟਨ ਸੁੰਦਰ ਨੂੰ ਵੀ ਸਪਿਨ ਗੇਂਦਬਾਜ਼ੀ ਵਿੱਚ ਜਗ੍ਹਾ ਦਿੱਤੀ ਗਈ ਸੀ । ਦਰਅਸਲ, ਜ਼ਖ਼ਮੀ ਹੋਣ ਕਾਰਨ ਪਿਛਲੇ ਕੁਝ ਮਹੀਨਿਆਂ ਤੋਂ ਬਾਹਰ ਚੱਲ ਰਹੇ ਬੁਮਰਾਹ ਨੂੰ ਭਾਰਤੀ ਟੀਮ ਵਿੱਚ ਆਖਰੀ-11 ਵਿੱਚ ਰੱਖਿਆ ਗਿਆ ਸੀ । ਇਸ ਤੇਜ਼ ਗੇਂਦਬਾਜ਼ ਦਾ ਇਹ ਵੈਸਟਇੰਡੀਜ਼ ਵਿਰੁੱਧ ਕਿੰਗਸਟਨ ਵਿੱਚ ਟੈਸਟ ਮੈਚ ਤੋਂ ਬਾਅਦ ਪਹਿਲਾ ਮੁਕਾਬਲੇਬਾਜ਼ੀ ਮੈਚ ਸੀ, ਪਰ ਮੈਚ ਰੱਦ ਹੋਣ ਕਾਰਨ ਉਸ ਦਾ ਇੰਤਜ਼ਾਰ ਹੁਣ ਮੰਗਲਵਾਰ ਤੱਕ ਵੱਧ ਗਿਆ ਹੈ ।
ਦੱਸ ਦੇਈਏ ਕਿ ਇਸ ਮੁਕਾਬਲੇ ਤੋਂ ਪਹਿਲਾਂ ਕੋਹਲੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਅੱਗੇ ਵਿਸ਼ਵ ਕੱਪ ਵਿੱਚ ਖੇਡਣਾ ਹੈ । ਭਾਰਤੀ ਟੀਮ ਮੈਨੇਜਮੈਂਟ ਵੱਲੋਂ ਮਨੀਸ਼ ਪਾਂਡੇ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ ਤੇ ਸੰਜੂ ਸੈਮਸਨ ਨੂੰ ਆਖਰੀ-11 ਵਿੱਚ ਨਹੀਂ ਰੱਖਿਆ ਗਿਆ ਸੀ ।
ਉਥੇ ਹੀ ਸ਼੍ਰੀਲੰਕਾਈ ਕਪਤਾਨ ਲਸਿਥ ਮਲਿੰਗਾ ਨੇ ਵੀ ਕਿਹਾ ਸੀ ਕਿ ਉਸ ਦੀਆਂ ਨਜ਼ਰਾਂ ਵਿਸ਼ਵ ਕੱਪ ‘ਤੇ ਹਨ, ਜਿਸ ਦੇ ਲਈ ਉਹ ਅਗਲੇ ਦੋ ਮਹੀਨਿਆਂ ਵਿੱਚ ਆਪਣੀ ਸਰਵਸ੍ਰੇਸ਼ਠ ਟੀਮ ਤਿਆਰ ਕਰ ਲੈਣਗੇ ।
।