ਇੱਥੋਂ ਦੇ ਪੰਜਾਬੀ ਭਾਈਚਾਰੇ ਦੇ ਕੁਝ ਨੌਜਵਾਨਾਂ ਵਲੋਂ ਇੱਕ ਨਵੀਂ ਪਿਰਤ ਪਾਉਂਦਿਆਂ ਅੰਤਰਾਸ਼ਟਰੀ ਪੁਰਸ਼ ਦਿਵਸ ਦਾ ਆਯੋਜਨ ਕੀਤਾ ਗਿਆ ਅਤੇ ਪੰਜਾਬੀ ਭਾਈਚਾਰੇ ਵਿੱਚ ਹੋਣ ਵਾਲਾ ਇਹ ਪਹਿਲਾ ਅਜਿਹਾ ਸਮਾਗਮ ਸੀ ਜੋ ਕਿ ਸਿਰਫ ਤੇ ਸਿਰਫ ਪੁਰਸ਼ਾਂ ਦੀਆਂ ਸਮਸਿਆਵਾਂ ਦੇ ਉਪਰ ਕੇਂਦਰਿਤ ਕੀਤਾ ਗਿਆ ਸੀ। ਇਸ ਸਮਾਗਮ ਦਾ ਖਰੜਾ ਤਿਆਰ ਕਰਨ ਵਾਲੇ ਨੋਜਵਾਨ ਪ੍ਰਬੰਧਕਾਂ ਅਰਸ਼ਦੀਪ ਸਿੰਘ ਧਾਲੀਵਾਲ , ਚਰਨਜੀਤ ਸਿੰਘ ਔਲਖ , ਤਕਦੀਰ ਸਿੰਘ ਦਿਓਲ ਤੇ ਅਮਰਦੀਪ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਅੱਜ ਦੀ ਰਫ਼ਤਾਰ ਭਰੀ ਜ਼ਿੰਦਗੀ ਵਿੱਚ ਔਰਤ ਤੇ ਪੁਰਸ਼ ਦੀਆਂ ਸਮਿਸਆਵਾਂ ਵਿੱਚ ਔਰਤਾਂ ਨੂੰ ਪਹਿਲ ਦਿੱਤੀ ਜਾਂਦੀ ਹੈ।
ਜਿਸ ਕਾਰਨ ਰਿਸ਼ਤਿਆਂ ਵਿੱਚ ਖਲਾਅ, ਤਨਾਅ ਤੇ ਘਰੇਲੂੰ ਹਿੰਸਾ ਆਦਿ ਦੀ ਦਰ ਦਿਨੋ ਦਿਨ ਵੱਧ ਰਹੀ ਹੈ ਤੇ ਸਾਡਾ ਪੰਜਾਬੀ ਭਾਈਚਾਰਾ ਵੀ ਇਸ ਅਲਾਮਤ ਦਾ ਸ਼ਿਕਾਰ ਹੋ ਚੁੱਕਿਆ ਹੈ ਪਰ ਕਈ ਵਾਰ ਸਮਾਜ ਵਿੱਚ ਗੱਲ ਕਰਨ ਦੇ ਡਰੋ ਤੇ ਹੋਰ ਕਾਰਨਾਂ ਕਰਕੇ ਉਹ ਆਪਣਾ ਦਰਦ ਵੰਡਾ ਨਹੀ ਸਕਦੇ ਤੇ ਜਿਸ ਦੇ ਸਿੱਟੇ ਕਈ ਵਾਰ ਭਿਆਨਕ ਹੋ ਜਾਂਦੇ ਹਨ ।
ਇਨਾਂ ਸਮਿਸਆਵਾਂ ਦੇ ਹੱਲ ਲਈ ਹੀ ਖਾਸਕਰ ਪੰਜਾਬੀ ਭਾਈਚਾਰੇ ਲਈ ਇਸ ਸਮਾਗਮ ਨੂੰ ਉਲੀਕੀਆ ਗਿਆ ਹੈ। ਇਹ ਸਮਾਗਮ ਉੱਤਰੀ ਮੈਲਬੌਰਨ ਦੇ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਇਲਾਕੇ ਮਿਕਲਮ ਦੇ ਕਮਿਊਨਿਟੀ ਹਾਲ ਵਿੱਚ ਰਖਿਆ ਗਿਆ ਸੀ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸਖਸ਼ੀਅਤਾਂ ਨੇ ਹਾਜਰੀ ਭਰੀ। ਇਸ ਸਮਾਗਮ ਵਿੱਚ ਕਈ ਮਹਿਮਾਨ ਬੁਲਾਰੇ ਵੀ ਆਏ ਹੋਏ ਸਨ ਜਿੰਨਾਂ ਨੇ ਅੰਤਰਾਸ਼ਟਰੀ ਪੁਰਸ਼ ਦਿਵਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਪ੍ਰਸਿੱਧ ਡਾਕਟਰ ਡਾ. ਸਰਫ਼ਰਾਜ ਕਿਲਾਨੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਡੇ ਸਮਾਜ ਵਿੱਚ ਹਮੇਸ਼ਾ ਪੁਰਸ਼ ਨੂੰ ਕਠੋਰ ਸਾਬਤ ਕਰਨ ਦਾ ਯਤਨ ਲਗਾ ਹੁੰਦਾ ਹੈ ਤੇ ਪੁਰਸ਼ ਜਿਆਦਾਤਰ ਆਪਣੀਆਂ ਦਿਲ ਦੀਆਂ ਗੱਲਾਂ ਦਾ ਵਿਚਾਰ ਵਟਾਂਦਰਾ ਨਹੀ ਕਰ ਪਾਉਂਦੇ ਜਿਸ ਦੇ ਚਲਦਿਆਂ ਤਨਾਅ ਕਰਕੇ ਜਾਂ ਤਾਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਫੇਰ ਸ਼ਰਾਬ ਤੇ ਹੋਰ ਨਸ਼ਿਆਂ ਦਾ ਸਹਾਰਾ ਲੈਂਦੇ ਹਨ।
ਜਿਸ ਦੇ ਸਿੱਟੇ ਭਵਿੱਖ ਵਿੱਚ ਭਿਆਨਕ ਸਾਬਤ ਹੁੰਦੇ ਹਨ। ਇਸ ਬਾਬਤ ਡਾ. ਕਿਲਾਨੀ ਨੇ ਇਨਾਂ ਸਮਿਸਆਵਾਂ ਦੇ ਹੱਲ ਵੀ ਦੱਸੇ। ਇਸ ਮੌਕੇ ਮਹਿਮਾਨ ਬੁਲਾਰਿਆਂ ਵਜੋਂ ਨਿਕੀਤਾ ਕੌਰ ਚੋਪੜਾ , ਅਮਰਦੀਪ ਕੌਰ , ਚਰਨਾਮਤ ਸਿੰਘ ਤੇ ਗੁਰਿੰਦਰ ਕੌਰ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਵੱਖ ਵੱਖ ਤਰਾਂ ਦੀਆਂ ਸਮੱਸਿਆਵਾਂ ਦਾ ਵਿਸ਼ਲੇਸ਼ਣ ਤੇ ਉਹਨਾਂ ਕਾਰਨਾਂ ਤੇ ਚਾਨਣ ਪਾਇਆ । ਇਸ ਮੌਕੇ ਗੁਰਇਕਬਾਲ ਸਿੰਘ ਹੋਰਾਂ ਨੇ ਵੀਡਿੳ ਕਾਨਫਰੰਸ ਰਾਂਹੀ ਕਈ ਨੁਕਤੇ ਸਾਂਝੇ ਕੀਤੇ ਤੇ ਇੱਕ ਵੱਖਰੇ ਢੰਗ ਨਾਲ ਇਨਾਂ ਸਮਿਸਆਵਾਂ ਦੇ ਹੱਲ ਆਦਿ ਲਈ ਆਏ ਹੋਏ ਮਹਿਮਾਨਾਂ ਦੇ ਵੀ ਵਿਚਾਰ ਲਏ। ਇਸ ਮੋਕੇ ਛੋਟੀਆਂ ਬੱਚੀਆਂ ਵਲੋ ਰੰਗਾਰੰਗ ਪਰੋਗਰਾਮ ਦੀ ਵੀ ਪੇਸ਼ਕਾਰੀ ਕੀਤੀ ਗਈ।ਸਮਾਗਮ ਵਿੱਚ ਰੌਬ ਮਿੱਚਲ ਐਮ. ਪੀ. ਦੇ ਸਹਾਇਕ ਗੈਰੇਥ ਜੋਨ , ਅਲਬਰਟ ਫੈਤੀਲਾ , ਅਨਸਮ ਸਾਦਿਕ , ਜਿੰਮ ਓਵਰੈਂਡ ਆਦਿ ਤੋਂ ਇਲਾਵਾ ਮੈਲਬੌਰਨ ਸ਼ਹਿਰ ਪੰਜਾਬੀ ਭਾਈਚਾਰੇ ਦੇ ਕਈ ਪਤਵੰਤੇ ਸੱਜਣ ਹਾਜਰ ਸਨ।