ਦਿੱਗਜ਼ ਫੁੱਟਬਾਲਰ ਲਿਓਨ ਮੈਸੀ ਦਾ ਸਪੈਨਿਸ਼ ਫੁੱਟਬਾਲ ਕਲੱਬ ਬਾਰਸੀਲੋਨਾ ਨਾਲ ਚਾਰ ਸੈਸ਼ਨਾਂ ਲਈ ਮੌਜੂਦਾ ਕਰਾਰ 555 ਮਿਲੀਅਨ ਯੂਰੋ (ਲਗਪਗ 4911 ਕਰੋੜ ਰੁਪਏ) ਦਾ ਹੈ। ਇਕ ਸਪੈਨਿਸ਼ ਅਖ਼ਬਾਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਖ਼ਬਾਰ ਮੁਤਾਬਕ ਉਸ ਕੋਲ ਉਹ ਦਸਤਾਵੇਜ਼ ਹਨ ਜਿਨ੍ਹਾਂ ‘ਤੇ ਮੈਸੀ ਨੇ 2017 ‘ਚ ਬਾਰਸੀਲੋਨਾ ਨਾਲ ਦਸਤਖ਼ਤ ਕੀਤੇ ਸਨ। ਇਸ ‘ਚ ਤੈਅ ਸੈਲਰੀ ਤੇ ਵੈਰੀਏਬਲ ਭੁਗਤਾਨ ਸ਼ਾਮਲ ਹਨ ਜੋ ਪ੍ਰਤੀ ਸੈਸ਼ਨ 138 ਮਿਲੀਅਨ ਯੂਰੋ (ਲਗਪਗ 1221 ਕਰੋੜ ਰੁਪਏ) ਤਕ ਪਹੁੰਚ ਸਕਦਾ ਹੈ। ਅਖ਼ਬਾਰ ਨੇ ਕਿਹਾ ਕਿ ਇਹ ਕਿਸੇ ਖਿਡਾਰੀ ਦੇ ਨਾਲ ਸਭ ਤੋਂ ਮਹਿੰਗਾ ਕਰਾਰ ਹੈ। ਮੈਸੀ ਨੂੰ ਇਸ ਰਾਸ਼ੀ ਦਾ ਲਗਪਗ ਅੱਧਾ ਹਿੱਸਾ ਸਪੇਨ ‘ਚ ਟੈਕਸ ਦੇ ਰੂਪ ‘ਚ ਦੇਣਾ ਹੁੰਦਾ ਹੈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਹ 33 ਸਾਲਾ ਖਿਡਾਰੀ ਕੁਲ ਕਰਾਰ ਦਾ 510 ਮਿਲੀਅਨ ਯੂਰੋ (ਲਗਪਗ 4512 ਕਰੋੜ ਰੁਪਏ) ਪਹਿਲਾਂ ਹੀ ਹਾਸਲ ਕਰ ਚੁੱਕਾ ਹੈ। ਇਹ ਵੀ ਦੱਸਿਆ ਹੈ ਕਿ ਮੈਸੀ ਬਾਰਸੀਲੋਨਾ ਲਈ ਕਿੰਨਾ ਫਾਇਦੇਮੰਦ ਰਹੇ ਹਨ। ਉਨ੍ਹਾਂ ਦੇ ਰਹਿੰਦੇ ਹੋਏ ਇਸ ਕਲੱਬ ਨੇ 30 ਤੋਂ ਵੱਧ ਖ਼ਿਤਾਬ ਜਿੱਤੇ ਹਨ।
ਅਖ਼ਬਾਰ ਮੁਤਾਬਕ ਉਨ੍ਹਾਂ ਨੂੰ ਮੈਸੀ ਦੇ ਦਸਤਖ਼ਤ ਵਾਲਾ 30 ਸਿਫ਼ਆਂ ਦਾ ਕਰਾਰ ਪੱਤਰ ਮਿਲਿਆ ਹੈ। ਮੈਸੀ ਨੂੰ ਕਰਾਰ ਨੂੰ ਵਧਾਉਣ ਲਈ ਲਗਪਗ 1019 ਕਰੋੜ ਰੁਪਏ ਤੇ ਕਲੱਬ ਪ੍ਰਤੀ ਵਫ਼ਾਦਾਰੀ ਦਿਖਾਉਣ ਲਈ ਲਗਪਗ 689 ਕਰੋੜ ਰੁਪਏ ਦਾ ਬੋਨਸ ਮਿਲਿਆ ਸੀ। ਮੈਸੀ ਦਾ ਬਾਰਸੀਲੋਨਾ ਕਲੱਬ ਨਾਲ ਜੂਨ ‘ਚ ਕਰਾਰ ਖ਼ਤਮ ਹੋਵੇਗਾ। ਉਧਰ ਬਾਰਸੀਲੋਨਾ ਕਲੱਬ ਨੇ ਕਿਹਾ ਕਿ ਇਸ ਖ਼ਬਰ ਦੇ ਛਪਣ ਤੋਂ ਬਾਅਦ ਉਹ ਸਪੈਨਿਸ਼ ਅਖ਼ਬਾਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਗੇ।