ਅੱਜ ਸਵੇਰੇ ਮੋਗਾ ਕੋਟਕਪੂਰਾ ਬਾਈਪਾਸ ‘ਤੇ ਸੰਘਣੀ ਧੁੰਦ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਲੜਕੀਆਂ ਸਮੇਤ ਤਿੰਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ, ਸਿੰਘਾਂਵਾਲਾ ਨਿਵਾਸੀ ਅਭਿਸ਼ੇਕ ਸ਼ਰਮਾ (18) ਆਪਣੀ ਭੈਣ ਪੂਜਾ ਸ਼ਰਮਾ (20) ਅਤੇ ਸਿਮਰਨਜੀਤ ਕੌਰ (20) ਨੂੰ ਆਪਣੇ ਮੋਟਰਸਾਈਕਲ ‘ਤੇ ਮੋਗਾ ਲੈ ਕੇ ਜਾ ਰਿਹਾ ਸੀ। ਜਦ ਉਹ ਕੋਟਕਪੂਰਾ ਬਾਈਪਾਸ ‘ਤੇ ਭਰਾਵਾਂ ਦੇ ਢਾਬੇ ਕੋਲ ਪਹੁੰਚਿਆ ਤਾਂ ਸੰਘਣੀ ਧੁੰਦ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਖੜ੍ਹੇ ਕੈਂਟਰ ਨਾਲ ਟਕਰਾ ਗਿਆ ਜਿਸ ਕਾਰਨ ਉਹ ਤਿੰਨੇ ਸੜਕ ‘ਤੇ ਆ ਡਿੱਗੇ। ਉਨ੍ਹਾਂ ਨੂੰ ਉਠਾਉਣ ਲਈ ਚੰਦ ਪੁਰਾਣਾ ਨਿਵਾਸੀ ਹਰਪ੍ਰੀਤ ਸਿੰਘ ਅਤੇ ਬਾਘਾਪੁਰਾਣਾ ਨਿਵਾਸੀ ਰਾਮ ਕੁਮਾਰ ਡਿੱਗੇ ਪਿਆ ਨੂੰ ਸੰਭਾਲਣ ਲੱਗੇ ਤਾਂ ਫ਼ਰੀਦਕੋਟ ਵੱਲੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਸ ਦੌਰਾਨ ਹਰਪ੍ਰੀਤ ਸਿੰਘ ਦੀ (33) ਦੀ ਮੌਕੇ ‘ਤੇ ਮੌਤ ਹੋ ਗਈ। ਜਦਕਿ ਪੂਜਾ ਸ਼ਰਮਾ ਨੇ ਸਿਵਲ ਹਸਪਤਾਲ ਮੋਗਾ ‘ਚ ਦਮ ਤੋੜ ਦਿੱਤਾ। ਇਸੇ ਦੌਰਾਨ ਗੰਭੀਰ ਹਾਲਤ ‘ਚ ਸਿਮਰਨ ਜੀਤ ਕੌਰ ਨੂੰ ਫ਼ਰੀਦਕੋਟ ਰੈਫ਼ਰ ਕੀਤਾ ਗਿਆ ਸੀ ਅਤੇ ਉਸ ਦੀ ਵੀ ਰਸਤੇ ‘ਚ ਮੌਤ ਹੋ ਗਈ। ਇਸ ਹਾਦਸੇ ‘ਚ ਜ਼ਖਮੀ ਅਭਿਸ਼ੇਕ ਸ਼ਰਮਾ ਨੂੰ ਲੁਧਿਆਣਾ ਦੇ ਦਇਆਨੰਦ ਹਸਪਤਾਲ ‘ਚ ਰੈਫ਼ਰ ਕੀਤਾ ਗਿਆ ਹੈ ਜਦਕਿ ਕਿ ਰਾਮ ਕੁਮਾਰ ਸਿਵਲ ਹਸਪਤਾਲ ਮੋਗਾ ‘ਚ ਜੇਰੇ ਇਲਾਜ ਹੈ। ਲਪੇਟ ‘ਚ ਲੈਣ ਵਾਲੇ ਕਾਰ ਚਾਲਕ ਨਵ ਵਿਆਹੀ ਜੋੜੀ ਦੱਸੀ ਜਾ ਰਹੀ ਹੈ। ਪੁਲਸ ਨੇ ਕਾਰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।