ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਯਾਰੀ ਵਿੱਚ ਤੜੇੜ ਪੈ ਗਈ ਲੱਗਦੀ ਹੈ। ਟੈਕਸਾਂ ਤੇ ਰੂਸ ਨਾਲ ਸਮਝੌਤੇ ਦੇ ਮਾਮਲੇ ਤੋਂ ਔਖੇ ਟਰੰਪ ਵਾਰ–ਵਾਰ ਭਾਰਤ ਖਿਲਾਫ ਬੋਲ ਰਹੇ ਹਨ। ਹੁਣ ਉਨ੍ਹਾਂ ਨੇ ਬ੍ਰਿਟੇਨ ਦੇ ਟੀਵੀ ਚੈਨਲ ਆਈਟੀਵੀ ਨੂੰ ਦਿੱਤੇ ਇੰਟਰਵਿਊ ‘ਚ ਭਾਰਤ ਖਿਲਾਫ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤ ਵਿੱਚ ਨਾ ਸਾਹ ਲੈਣ ਲਈ ਸ਼ੁੱਧ ਹਵਾ ਹੈ ਤੇ ਨਾ ਹੀ ਪੀਣ ਲਈ ਪਾਣੀ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੰਟਰਵਿਊ ‘ਚ ਕਿਹਾ, “ਭਾਰਤ ਨਾਲ ਕਈ ਦੇਸ਼ਾਂ ‘ਚ ਹਵਾ ਤਕ ਸਾਫ਼ ਨਹੀਂ, ਨਾ ਉੱਥੇ ਸਾਫ਼ ਪਾਣੀ ਹੈ। ਟਰੰਪ ਨੇ ਅੱਗੇ ਕਿਹਾ, “ਜੇਕਰ ਤੁਸੀਂ ਕੁਝ ਸ਼ਹਿਰਾਂ ‘ਚ ਜਾਓ,,, ਮੈਂ ਉਨ੍ਹਾਂ ਸ਼ਹਿਰਾਂ ਦਾ ਨਾਂ ਨਹੀਂ ਲਵਾਂਗਾ, ਜਦਕਿ ਮੈਂ ਨਾਂ ਲੈ ਸਕਦਾ ਹਾਂ। ਇਨ੍ਹਾਂ ਸ਼ਹਿਰਾਂ ‘ਚ ਤੁਸੀਂ ਸਾਹ ਤਕ ਨਹੀਂ ਲੈ ਸਕਦੇ।”
ਇਸ ਇੰਟਰਵਿਊ ‘ਚ ਟਰੰਪ ਨੇ ਅੱਗੇ ਪ੍ਰਦੂਸ਼ਨ ਨੂੰ ਲੈ ਕੇ ਗੱਲ ਕੀਤੀ। ਉਨ੍ਹਾਂ ਕਿਹਾ, “ਅਮਰੀਕਾ ਦੁਨੀਆ ਦਾ ਸਭ ਤੋਂ ਸਵੱਛ ਦੇਸ਼ਾਂ ਵਿੱਚੋਂ ਇੱਕ ਹੈ। ਇਹ ਗੱਲ ਅੰਕੜਿਆਂ ‘ਚ ਸਾਫ਼ ਹੋ ਜਾਂਦੀ ਹੈ। ਅਮਰੀਕਾ ‘ਚ ਹਾਲਾਤ ਬਿਹਤਰ ਹੀ ਹੋ ਰਹੇ ਹਨ ਪਰ ਦੂਜੇ ਪਾਸੇ ਭਾਰਤ, ਰੂਸ ਤੇ ਚੀਨ ਜਿਹੇ ਦੇਸ਼ ਹਨ, ਜਿਨ੍ਹਾਂ ਨੂੰ ਪ੍ਰਦੂਸ਼ਣ ਦੀ ਸਮਝ ਤਕ ਨਹੀਂ ਹੈ।”
ਟੀਵੀ ਇੰਟਰਵਿਊ ‘ਚ ਟਰੰਪ ਨੇ 2017 ‘ਚ ਪੈਰਿਸ ਜਲਵਾਯੂ ਸਮਝੌਤੇ ‘ਚ ਅਮਰੀਕਾ ਦੇ ਹਟਣ ਲਈ ਭਾਰਤ ਤੇ ਹੋਰ ਕਈ ਦੇਸ਼ਾਂ ਨੂੰ ਦੋਸ਼ੀ ਕਿਹਾ ਹੈ। ਇਹ ਇੰਟਰਵਿਊ ਡੋਨਾਡ ਟਰੰਪ ਨੇ ਆਪਣੇ ਤਿੰਨ ਦਿਨੀਂ ਬ੍ਰਿਟੇਨ ਦੌਰੇ ਦੇ ਆਖਰੀ ਦਿਨ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਕਵੀਨ ਐਲੀਜ਼ਾਬੇਥ ਤੇ ਪ੍ਰਿੰਸ ਚਾਲਰਸ ਨਾਲ ਹੋਰ ਵੀ ਕਈ ਮੁੱਦਿਆਂ ਬਾਰੇ ਗੱਲ ਕੀਤੀ।