ਗੁਰਦਾਸਪੁਰ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਦੌਰਾਨ ਉਨ੍ਹਾਂ ਦੇ ਭਾਸ਼ਣ ਦੇਣ ਸਮੇਂ ਕੁਝ ਨੌਜਵਾਨਾਂ ਨੇ ਵਿਰੋਧ ਕੀਤਾ। ਨੌਜਵਾਨਾਂ ਨੇ ਮੋਦੀ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਤੇ “ਚੋਰ ਹੈ ਚੋਰ ਹੈ” ਦੇ ਨਾਅਰੇ ਵੀ ਲਾਏ। ਪੁਲਿਸ ਨੇ ਹੰਗਾਮਾ ਕਰਨ ਵਾਲੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਪ੍ਰਾਪਤ ਜਾਣਕਾਰੀ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਸਵੇਰ ਸਮੇਂ ਜਲੰਧਰ ਵਿੱਚ ਵੀ ਕੁਝ ਨੌਜਵਾਨਾਂ ਨੇ ਹੰਗਾਮੇ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ। ਇਹ ਨੌਜਵਾਨ ਯੂਥ ਕਾਂਗਰਸ ਦੇ ਨਾਲ ਸਬੰਧਤ ਦੱਸੇ ਜਾਂਦੇ ਹਨ ਤੇ ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਹਾਲੇ ਤਕ ਕੋਈ ਕਾਰਵਾਈ ਨਹੀਂ ਕੀਤੀ।
ਗੁਰਦਾਸਪੁਰ ਵਿੱਚ ਰੈਲੀ ਸ਼ੁਰੂ ਹੋਣ ਮਗਰੋਂ ਜਿਸ ਸਮੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣਾ ਭਾਸ਼ਣ ਦੇ ਰਹੇ ਸਨ ਤਾਂ ਪੰਡਾਲ ਵਿੱਚ ਮੌਜੂਦ ਕੁਝ ਨੌਜਵਾਨਾਂ ਨੇ ਆਪਣੀ ਜੇਬ ਵਿੱਚੋਂ ਕਾਲੀਆਂ ਝੰਡੀਆਂ ਕੱਢੀਆਂ ਤੇ ਪੀਐਮ ਨੂੰ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਨਾਲ ਹੀ ਉਨ੍ਹਾਂ “ਚੋਰ ਹੈ, ਚੋਰ ਹੈ” ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਪੁਲਿਸ ਨੇ ਤੁਰੰਤ ਉਨ੍ਹਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਬਾਅਦ ਵਿੱਚ ਪਤਾ ਲੱਗਾ ਕਿ ਉਹ ਕਾਂਗਰਸ ਦੇ ਵਿਦਿਆਰਥੀ ਵਿੰਗ ਐਨਐਸਯੂਆਈ ਦੇ ਕਾਰਕੁੰਨ ਸਨ।